
ਮੱਖਣ-ਮਿਲਾਈਆਂ ਖਾਣ ਵਾਲੇ 3 ਲੱਖ ਪੰਜਾਬੀ ਹੁਣ ਖਾਅ ਜਾਂਦੇ ਨੇਂ ਸਾਲ ‘ਚ 100 ਕਰੋੜ ਦੀ ‘ਜੀਭ ਵਾਲੀ ਗੋਲੀ’
ਪ੍ਰਤੀ ਮਹੀਨਾ ਖ਼ਪਤ ਹੋਈ 91 ਲੱਖ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੰਦਰ ਕਦੇ ਦੁੱਧ ਅਤੇ ਮੱਖਣ-ਮਲਾਈਆਂ ਦੀਆਂ ਨਦੀਆਂ ਵੀ ਵਹਿੰਦੀਆਂ ਸਨ। ਇਥੋਂ ਦੀ ਜਰਖੇਜ਼ ਮਿੱਟੀ ‘ਚ ਪਲ ਕੇ ਜਵਾਨ ਹੋਏ ਗਜ-ਗਜ ਚੌੜੀਆਂ ਛਾਤੀਆਂ ਵਾਲੇ ਗੱਭਰੂ ਕਦੇ ਪੂਰੇ ਦੇਸ਼ ਦਾ ਮਾਣ ਹੁੰਦੇ ਸੀ। ਜਦੋਂ ਪੰਜਾਬ ਦੇ ਬਜ਼ੁਰਗ ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਬਰਾਬਰ ਆਖਦੇ ਸੀ,ਉਦੋਂ ਪੰਜਾਬ ਦੇ ਨੌਜਵਾਨਾਂ ਦੇ ਭਰਵੇ ਜੁੱਸਿਆਂ ਦੇ ਨਾਲ-ਨਾਲ ਦਲੇਰੀਆਂ ਤੇ ਅਣਖਾਂ ਲਈ ਵੀ ਸਾਡਾ ਝੰਡਾ ਸਭ ਤੋਂ ਉੱਚਾ ਹੁੰਦਾ ਸੀ।
ਫੇਰ ਅਜਿਹਾ ਕਲੈਹਿਣਾ ਸਮਾਂ ਪੰਜਾਬ ਦੀ ਹਿੱਕ ‘ਤੇ ਆ ਚੜਿਆ,ਜਦੋਂ ਕਿਸੇ ਚੰਦਰੇ ਦੀਆਂ ਮਾੜੀਆਂ ਨਜ਼ਰਾਂ ਲੱਗ ਗਈਆਂ। ਮੱਤਾਂ ਦੇਣ ਵਾਲੇ ਬਜ਼ੁਰਗਾਂ ਦੇ ਅੱਗੋਂ ਓਹਲੇ ਹੁੰਦਿਆਂ ਹੀ ਅਸੀਂ ਝੱਟ ਉਨ੍ਹਾਂ ਦੀਆਂ ਗੱਲਾਂ ਤੇ ਸਿਆਣਪਾਂ ਦੇ ਫੁੱਲ ਵੀ ਉਨ੍ਹਾਂ ਦੇ ਨਾਲ ਹੀ ਗੰਗਾ ‘ਚ ਤਾਰ ਆਏ ਅਤੇ ਖੁਦ ਨੂੰ ਉਨ੍ਹਾਂ ਤੋਂ ਵੀ ਜਿਆਦਾ ਸਿਆਣੇ ਸਮਝਣ ਲੱਗ ਪਏ। ਉਹ ਤਾਂ ਦੁੱਧ ਵੇਚਣ ਨੂੰ ਹੀ ਪੁੱਤ ਵੇਚਣ ਦੇ ਬਰਾਬਰ ਆਖਦੇ ਸੀ,ਅਸੀਂ ਤਾਂ ਦੁੱਧ ਛੱਡ ਪੁੱਤ ਤੇ ਧੀਆਂ ਵੀ ਸੌਦੇ ਕਰਨ ਲੱਗ ਪਏ ਅਤੇ ਹਰੇਕ ਰਿਸ਼ਤੇ ‘ਚੋਂ ਮੁਨਾਫਾ ਤਲਾਸ਼ਣ ਲੱਗੇ।
ਆਪਣੇ ਮੁਨਾਫੇ ਖਾਤਰ ਸੋਨੇ ਵਰਗੀ ਮਿੱਟੀ ਤੇ ਚਾਂਦੀ ਰੰਗੇ ਪਾਣੀ ਨੂੰ ਅਸੀਂ ਜ਼ਹਿਰਾਂ ਦੇ ਹਵਾਲੇ ਕਰ ਦਿੱਤਾ। ਕੁਦਰਤ ਦੇ ਫੇਫੜੇ ਜੰਗਲਾਂ ਨੂੰ ਵੱਢ ਕੇ ਕੰਕਰੀਟ ਦੇ ਜੰਗਲ ਉਸਾਰ ਦਿੱਤੇ। ਆਪਣੇ ਖੇਤਾਂ ‘ਚੋਂ ਰੁੱਖਾਂ ਨੂੰ ਵੱਢਦਿਆਂ ਅਤੇ ਤੀਲੀ ਲਾਉਂਦੇ ਹੋਏ ਸਾਨੂੰ ਅਜੇ ਵੀ ਭੋਰਾ ਤਕਲੀਫ ਤੇ ਸ਼ਰਮ ਮਹਿਸੂਸ ਨਹੀਂ ਹੁੰਦੀ,ਸਗੋਂ ਸਾਨੂੰ ਤਾਂ ਇਹ ਲੱਗਦਾ ਹੈ ਕਿ ਇਹਨਾਂ ਰੁੱਖਾਂ ਕਾਰਨ ਸਾਡੀ ਫਸਲ ਘੱਟ ਨਿਕਲਦੀ ਹੈ।
ਖੈਰ! ਆਪਣੇ ਮੁਨਾਫੇ ਖਾਤਰ ਅਸੀਂ ਜਿਉਂ ਹੀ ਘਰਾਂ ਅੰਦਰੋਂ ਚਿੱਟੇ ਦੁੱਧ ਨੂੰ ਕੱਢਿਆ ਤਦੇ ਹੀ ਪੰਜਾਬ ਦੇ ਜਿਆਦਾਤਰ ਘਰਾਂ ‘ਚ ਚਿੱਟੇ ਨੇ ਪ੍ਰਵੇਸ਼ ਕਰ ਲਿਆ। ਮੱਖਣ-ਮਲਾਈਆਂ ਖਾਣ ਵਾਲਿਆਂ ਦੀ ਖ਼ੁਰਾਕ ਗੋਲੀਆਂ,ਟੀਕੇ-ਸਰਿੰਜਾਂ ਤੇ ਫੈਂਸੀਆਂ ਬਣ ਗਈਆਂ,ਤੇ ਆਖਿਰ ਪੰਜਾਬ ਦੇ ਮੱਥੇ ‘ਤੇ ਨਸ਼ਿਆਂ ਦਾ ਬਦਨੁਮਾ ਦਾਗ ਲੱਗ ਗਿਆ। ਭਾਵੇਂ ਕਿ ਇਸ ਦਾਗ ਨੂੰ ਮਿਟਾਉਣ ਲਈ ਪਿਛਲੀਆਂ ਸਰਕਾਰਾਂ ਨੇ ਵੀ ਤਰੱਦਦ ਕੀਤੇ ਅਤੇ ਮੌਜੂਦਾ ਸਰਕਾਰ ਨੇ ਤਾਂ ਨਸ਼ਿਆਂ ਵਿੱਚ ਵਿਰੁੱਧ ਇੱਕ ਨੀਤੀਗਤ ਯੁੱਧ ਵੀ ਛੇੜਿਆ,ਪਰ ਦਾਗ ਨੂੰ ਜਿੰਨਾ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ,ਉਹ ਹੋਰ ਗੂੜਾ ਹੁੰਦਾ ਜਾ ਰਿਹਾ।
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਅੰਕੜਿਆਂ ਸਾਹਿਤ ਪ੍ਰਕਾਸ਼ਿਤ ਹੋਈ ਖਬਰ ਹਰੇਕ ਪੰਜਾਬ ਹਿਤੈਸੀ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਜਿਸ ਅਨੁਸਾਰ ਪੰਜਾਬ ਅੰਦਰ ਇਸ ਵੇਲੇ ਤਿੰਨ ਦਰਜਨ ਸਰਕਾਰੀ ਤੇ 117 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ 2300 ਦੇ ਕਰੀਬ ਮਰੀਜ਼ ਭਰਤੀ ਹਨ, ਜਦੋਂ ਕਿ ਪਹਿਲਾਂ 600 ਦੇ ਕਰੀਬ ਸਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨਸੂਬੇ ਤਹਿਤ ਨਸ਼ਾ ਛੱਡਣ ਵਾਲਿਆਂ ਲਈ 5 ਹਜਾਰ ਬੈਡਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ,12 ਨਰਸਿੰਗ ਕਾਲਜਾਂ ਤੇ ਦਰਜਨ ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ‘ਚ ਵੀ ਨਸ਼ਾ ਛੁਡਾਊ ਕੇਂਦਰ ਬਣਾਏ ਗਏ ਹਨ ਅਤੇ ਇਹਨਾਂ ਕੇਂਦਰਾਂ ਅੰਦਰ ਨਸ਼ਾ ਛੱਡਣ ਵਾਲੇ ਰਜਿਸ਼ਟਰਡ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਪਾਰ ਕਰ ਗਈ ਹੈ। ਸਰਕਾਰ ਵੱਲੋਂ ਓਟ ਕਲੀਨਿਕਾਂ ਤੋਂ ਨਸ਼ਾ ਛੁਡਾਉਣ ਲਈ ਦਿੱਤੀ ਜਾਣ ਵਾਲੀ ਜੀਭ ਥੱਲੇ ਰੱਖਣ ਵਾਲੀ ‘ਬੁਪਰੋਨੌਰਫਿਨ’ ਨਾਮ ਦੀ ਗੋਲੀ ਨੂੰ ਹੁਣ ਜਿਆਦਾਤਰ ਨਸ਼ਈ ਨਸ਼ੇ ਦੇ ਬਦਲ ਵਜੋਂ ਵਰਤਣ ਲੱਗ ਪਏ,ਜਿਸ ਕਾਰਨ ਹੁਣ ਜਨਵਰੀ ਵਿੱਚ 88 ਲੱਖ ਗੋਲੀਆਂ ਦੀ ਖਪਤ ਤੋਂ ਵਧ ਕੇ ਮਈ ਵਿੱਚ 91 ਲੱਖ ਹੋ ਗਈ ਹੈ।
ਗੱਲ ਕੀ, ਖਬਰ ‘ਚ ਦਿੱਤੇ ਗਏ ਮੋਟੇ ਜਿਹੇ ਅੰਦਾਜ਼ੇ ਮੁਤਾਵਿਕ ਪੰਜਾਬ ਦੇ 3 ਲੱਖ ਨਸ਼ਈਆਂ ਨੂੰ ਨਸ਼ਾ ਛੱਡਣ ਲਈ 554 ਓਟ ਕਲੀਨਕਾਂ ਤੋਂ ਮੁਫ਼ਤ ਦਿੱਤੀ ਜਾਣ ਵਾਲੀ ਵਾਲੀ ‘ਜੀਭ ਵਾਲ਼ੀ ਗੋਲੀ’ ਲਈ ਪੰਜਾਬ ਸਰਕਾਰ ਦੇ ਸਲਾਨਾ ਕਰੀਬ 100 ਕਰੋੜ ਰੁਪਏ ਖਰਚ ਹੋ ਰਹੇ ਹਨ। ਰੱਬ ਖੈਰ ਕਰੇ !
ਲੇਖਕ ; ਪੱਤਰਕਾਰ ਸੁਖਵਿੰਦਰ ਸਿੰਘ ਅਟਵਾਲ, ਅਮਰਗੜ੍ਹ। ਮੋਬਾਈਲ :- 99156-29076