
ਪੜਤਾਲ ਕਰਕੇ ਕਰਾਂਗੇ ਕਾਰਵਾਈ ; ਚੇਅਰਮੈਨ ਪੀਆਰਟੀਸੀ
ਅਮਰਗੜ੍ਹ/ਸੁਖਵਿੰਦਰ ਸਿੰਘ ਅਟਵਾਲ:-ਪੰਜਾਬ ਸਰਕਾਰ ਵੱਲੋਂ ਬੀਬੀਆਂ ਨੂੰ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਨਾਲ ਬੀਬੀਆਂ ਤਾਂ ਬਾਗੋ-ਬਾਗ ਹੋ ਗਈਆਂ ਹਨ,ਪਰ ਇਸ ਸਹੂਲਤ ਤੋਂ ਸਰਕਾਰੀ ਬੱਸਾਂ ਦੇ ਡਰਾਇਵਰ ਤੇ ਕੰਡਕਟਰ ਡਾਢੇ ਦੁਖੀ ਤੇ ਪਰੇਸ਼ਾਨ ਲੱਗ ਰਹੇ ਨੇ,ਜੋ ਜਿਆਦਾਤਰ ਬੱਸਾਂ ਵਿੱਚ ਮਹਿਲਾ ਸਵਾਰੀਆਂ ਨਾਲ ਦੁਰ-ਵਿਵਹਾਰ ਤੇ ਤਰ੍ਹਾਂ-ਤਰ੍ਹਾਂ ਦੇ ਤੰਜ਼ ਕਸਦੇ ਹੋਏ ਅਕਸਰ ਹੀ ਦੇਖੇ ਜਾ ਸਕਦੇ ਹਨ। ਭਾਵੇਂ ਕਿ ਇਸ ਵਿੱਚ ਵੀ ਕੋਈ ਸ਼ੱਕ ਦੀ ਗੁੰਜਾਇਸ ਨਹੀਂ ਕਿ ਸਫ਼ਰ ਦੀ ਮਿਲੀ ਮੁਫ਼ਤ ਸਹੂਲਤ ਦਾ ਫਾਇਦਾ ਵੀ ਜਿਆਦਾਤਰ ਬੀਬੀਆਂ ਵੱਲੋਂ ਵੀ ਨਜਾਇਜ਼ ਹੀ ਉਠਾਇਆ ਜਾ ਰਿਹਾ ਹੈ,ਜਿਸ ਕਾਰਨ ਬਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ‘ਚ ਮਹਿਲਾ ਸਵਾਰੀਆਂ ਦੀ ਗਿਣਤੀ 80 ਫੀਸਦੀ ਦੇ ਕਰੀਬ ਆਮ ਹੀ ਦੇਖੀ ਜਾ ਸਕਦੀ ਹੈ।ਇਸੇ ਕਾਰਨ ਛੋਟੇ ਬੱਸ ਅੱਡਿਆਂ ‘ਤੇ ਖੜੀਆਂ ਵੱਡੀ ਗਿਣਤੀ ‘ਚ ਸਵਾਰੀਆਂ ਨੂੰ ਦੇਖ ਕੇ ਬੱਸਾਂ ਦੇ ਡਰਾਈਵਰ ਕਦੇ ਤਾਂ ਬਸਾਂ ਰੋਕਦੇ ਹੀ ਨਹੀਂ ਜੇ ਰੋਕਦੇ ਹਨ ਤਾਂ ਅੱਗੇ ਜਾਂ ਪਿੱਛੇ ਹੀ ਰੋਕਦੇ ਹਨ। ਏਸੇ ਕਾਰਨ ਰੋਜ਼ਾਨਾ ਸਫ਼ਰ ਕਰਕੇ ਸਮੇਂ ਸਿਰ ਆਪਣੀਆਂ ਡਿਊਟੀਆਂ ‘ਤੇ ਪਹੁੰਚਣ ਵਾਲੀਆਂ ਸਵਾਰੀਆਂ ਨੂੰ ਹਮੇਸ਼ਾ ਖੱਜ਼ਲ-ਖੁਆਰ ਹੋਣਾ ਪੈਂਦਾ ਹੈ।ਇਹ ਘਟਨਾ 9 ਜੂਨ ਦੀ ਹੈ,ਜਦੋਂ ਅਮਰਗੜ੍ਹ ਮੇਨ ਬਾਜ਼ਾਰ ਦੇ ਬੱਸ ਅੱਡੇ ‘ਤੇ ਮਲੇਰਕੋਟਲਾ-ਲੁਧਿਆਣਾ ਜਾਣ ਲਈ ਖੜੀਆਂ ਸਵਾਰੀਆਂ ਬਸ ਦੀ ਉਡੀਕ ਕਰ ਰਹੀਆਂ ਸਨ। ਪਰਤੱਖ ਦਰਸੀਆਂ ਤੇ ਸਵਾਰੀਆਂ ਦੇ ਦੱਸਣ ਅਨੁਸਾਰ ਸਵੇਰੇ 7 :15 ‘ਤੇ ਨਾਭਾ ਵੱਲੋਂ ਆਈ ਬੱਸ ਬਿਨਾਂ ਰੁਕੇ ਹੀ ਲੰਘ ਗਈ ਅਤੇ ਉਸ ਤੋਂ ਬਾਅਦ ਸਾਢੇ 7 ਤੇ ਪੌਣੇ ਅੱਠ ਦੇ ਕਰੀਬ ਆਈ ਬੱਸ ਵੀ ਇਸੇ ਤਰ੍ਹਾਂ ਬਿਨਾਂ ਰੁਕੇ ਹੀ ਚਲੀ ਗਈ। ਦੋ ਬੱਸਾਂ ਮਿਸ ਹੋਣ ਕਾਰਨ ਸਵਾਰੀਆਂ ਦੀ ਗਿਣਤੀ ਜਿਆਦਾ ਹੋ ਗਈ,ਜਿਸ ਕਾਰਨ 8 ਵਜੇ ਦੇ ਕਰੀਬ ਆਈ ਬੱਸ ਨੰਬਰ PB 11 CF 9231 ਰੁਕੀ ਤਾਂ ਸਹੀ ਪਰ ਅੱਗੇ ਜਾ ਕੇ,ਉਹ ਵੀ ਥੋੜੇ ਸਮੇਂ ਲਈ,ਜਿਸ ਕਾਰਨ ਸਵਾਰੀਆਂ ‘ਚ ਹਫ਼ਰਾ-ਤਫ਼ਰੀ ਮੱਚ ਗਈ ਤੇ ਉਹ ਭੱਜ ਕੇ ਬਸ ਚੜਨ ਲੱਗੀਆਂ। ਇਸੇ ਦੌਰਾਨ ਹੀ ਪੋਸਟ ਆਫਿਸ ਦਾ ਸਰਕਾਰੀ ਮੁਲਾਜ਼ਮ ਹਰਦੀਪ ਅੱਤਰੀ ਵਾਸੀ ਚੌਂਦਾ ਵੀ ਜੋ ਆਪਣੀ ਡਿਊਟੀ ਦੇ ਮਿੱਥੇ ਸਮੇਂ ਤੋਂ ਦੋ ਬੱਸਾਂ ਦੇ ਨਾਂ ਰੁਕਣ ਕਾਰਨ ਪਹਿਲਾਂ ਹੀ ਲੇਟ ਹੋ ਚੁੱਕਿਆ ਸੀ,ਉਸਨੇ ਵੀ ਜਦੋਂ ਆਹੁਲ ਕੇ ਬਾਰੀ ਨੂੰ ਹੱਥ ਪਾਇਆ ਤਾਂ ਕੰਡਕਟਰ ਨੇ ਸੀਟੀ ਵਜਾ ਦਿੱਤੀ।ਇਸੇ ਦੌਰਾਨ ਹੀ ਬੱਸ ਦਾ ਟਾਇਰ ਉਸਦੇ ਪੈਰ ਉੱਤੇ ਚੜ ਗਿਆ। ਹਰਦੀਪ ਅੱਤਰੀ ਦੇ ਦੱਸਣ ਮੁਤਾਵਿਕ ਸਵਾਰੀਆਂ ਨੇ ਬੜਾ ਰੌਲਾ ਪਾਇਆ,ਪਰ ਡਰਾਈਵਰ ਬੱਸ ਨੂੰ ਰੋਕਣ ਦੀ ਬਜਾਏ ਭਜਾ ਕੇ ਲੈ ਗਿਆ। ਮੌਕੇ ‘ਤੇ ਮੌਜੂਦ ਸਵਾਰੀਆਂ ਨੇ ਸਰਕਾਰ ਪਾਸੋਂ ਜਿੱਥੇ ਬੱਸਾਂ ਨੂੰ ਸਹੀ ਬੱਸ ਅੱਡੇ ‘ਤੇ ਰੋਕਣ ਦੀ ਅਪੀਲ ਕੀਤੀ,ਉਥੇ ਹੀ ਉਨ੍ਹਾਂ ਸਬੰਧਤ ਬੱਸ ਦੇ ਡਰਾਈਵਰ ਅਤੇ ਕੰਡਕਟਰ ‘ਤੇ ਕਾਰਵਾਈ ਦੀ ਮੰਗ ਵੀ ਕੀਤੀ ਹਾਂ ਜੋ ਅਜਿਹੀ ਘਟਨਾ ਅੱਗੇ ਤੋਂ ਕਿਸੇ ਹੋਰ ਸਵਾਰੀ ਨਾਲ ਨਾ ਵਾਪਰੇ।
ਕੀ ਕਹਿਣਾ ਹੈ ਪੀਆਰਟੀਸੀ ਦੇ ਚੇਅਰਮੈਨ ਦਾ ; ਮੀਡੀਆ ਵੱਲੋਂ ਜਦੋਂ ਪੂਰਾ ਮਾਮਲਾ ਪੀਆਰਟੀਸੀ ਦੇ ਚੇਅਰਮੈਨ ਗੁਰਨਾਮ ਸਿੰਘ ਹਡਾਣਾ ਦੇ ਧਿਆਨ ‘ਚ ਲਿਆਂਦਾ ਗਿਓ ਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਸੰਬੰਧਿਤ ਡਰਾਈਵਰ ਅਤੇ ਕੰਡਕਟਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਸ ਅਮਲੇ ਵੱਲੋਂ ਬੱਸਾਂ ਦਾ ਅੱਡਿਆਂ ‘ਤੇ ਖੜਾਉਣਾ ਅਤੇ ਸਵਾਰੀਆਂ ਨਾਲ ਚੰਗਾ ਵਿਵਹਾਰ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ।