
ਐਸਬੀਆਈ ਬੈਂਕ ਅਮਰਗੜ੍ਹ ਆਏ ਪ੍ਰਵਾਸੀ ਮਜ਼ਦੂਰ ਤੋਂ ਨੌਸ਼ਰਬਾਜਾਂ ਨੇ ਅਜੀਬੋ-ਗਰੀਬ ਤਰੀਕੇ ਨਾਲ ਲੁੱਟਿਆ 40 ਹਜਾਰ
ਜਲਦ ਹੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ ਨੌਸ਼ਰਬਾਜ਼ ; ਐਸਐਚਓ ਇੰ. ਰਣਦੀਪ ਕੁਮਾਰ
ਅਮਰਗੜ੍ਹ/ਸੁਖਵਿੰਦਰ ਸਿੰਘ ਅਟਵਾਲ:- ਸੌਖੇ ਤਰੀਕੇ ਨਾਲ ਛੇਤੀ ਅਮੀਰ ਬਣਨ ਦੀ ਲਾਲਸਾ ਕਾਰਨ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀਆਂ ਲੁੱਟਾਂ-ਖੋਹਾਂ ਤੇ ਠੱਗੀ-ਠੋਰੀ ਦੀਆਂ ਖ਼ਬਰਾਂ ਅੱਜ-ਕੱਲ ਆਮ ਹੀ ਵੇਖਣ-ਸੁਣਨ ਨੂੰ ਮਿਲ ਜਾਂਦੀਆਂ ਹਨ,ਪਰ ਇਹ ਘਟਨਾ ਬਾਕੀ ਸਾਰੀਆਂ ਨਾਲੋਂ ਥੋੜ੍ਹੀ ਵੱਖਰੀ ਕਿਸਮ ਦੀ ਹੈ,ਜਿਸ ਰਾਹੀਂ ਦੋ ਨੌਸ਼ਰਬਾਜਾਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਤੋਂ ਬੈਂਕ ਵਿੱਚੋਂ ਹੀ 40 ਹਜਾਰ ਰੁਪਏ ਲੁੱਟੇ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਚੋਂਦਾ ਦੇ ਸਾਬਕਾ ਸਰਪੰਚ ਮਨੋਹਰ ਲਾਲ ਨੇ ਦੱਸਿਆ ਕਿ ਵਿਦਿਆਨੰਦ ਨਾਮ ਦਾ ਪ੍ਰਵਾਸੀ ਮਜ਼ਦੂਰ ਜੋ ਲੰਮੇ ਸਮੇਂ ਤੋਂ ਉਨ੍ਹਾਂ ਕੋਲ ਸੈਲਰ ‘ਤੇ ਮਜ਼ਦੂਰੀ ਕਰਦਾ ਹੈ,ਮੈਂ ਉਸਨੂੰ ਉਸਦੀ ਬਣਦੀ ਮਜ਼ਦੂਰੀ ਦੇ 80 ਹਜਾਰ ਦਾ ਚੈੱਕ ਦਿੱਤਾ ਸੀ, ਜਿਸ ਨੂੰ ਕੈਸ਼ ਕਰਵਾਉਣ ਲਈ ਜਦੋਂ ਉਹ 11 ਜੂਨ ਨੂੰ ਸਵੇਰੇ ਸਵਾ ਕੁ 10 ਵਜੇ ਦੇ ਕਰੀਬ ਚੌਂਦਾ ਮੋੜ ਵਾਲੀ ਐਸਬੀਆਈ ਬੈਂਕ ‘ਚ ਗਿਆ ਤਾਂ ਕੈਸੀਅਰ ਨੇ ਉਸ ਨੂੰ ਦੋ 2-2 ਸੋ ਦੇ ਨੋਟਾਂ ਦੀਆਂ ਗੱਥੀਆਂ ਦੇ ਦਿੱਤੀਆਂ, ਜਿਨਾਂ ਨੂੰ ਵੇਖਦੇ ਹੀ ਉਸਨੇ ਕਿਹਾ ਕਿ ਮੈਨੂੰ ਵੱਡੇ ਨੋਟ ਦੇ ਦਿਓ। ਇਹ ਗੱਲ ਸੁਣਦੇ ਹੀ ਕੋਲ ਖੜੇ ਦੋ ਨੌਸ਼ਰਬਾਜਾਂ ਨੇ ਕਿਹਾ ਕਿ ਕੋਈ ਨਾ ਤੂੰ ਸਾਥੋਂ ਲੈ ਲਈ ਵੱਡੇ ਨੋਟ,ਅਸੀਂ ਕਢਵਾਏ ਹਨ। ਇਹ ਆਖ ਉਹ ਉਸਨੂੰ ਬੈਂਕ ਤੋਂ ਬਾਹਰ ਲੈ ਆਏ ਤੇ ਹੌਲੀ-ਹੌਲੀ ਚੌਂਦਾ ਮੋੜ ‘ਤੇ ਆ ਗਏ,ਜਿੱਥੇ ਵਿਦਿਆਨੰਦ ਤੋਂ ਗਿਣਨ ਲਈ ਪੈਸੇ ਫੜਦਿਆਂ ਹੀ ਉਹ ਆਪਣੇ ਮੋਟਰਸਾਇਕਲ ‘ਤੇ ਰਫੂ ਚੱਕਰ ਹੋ ਗਏ। ਸਾਬਕਾ ਸਰਪੰਚ ਮਨੋਹਰ ਲਾਲ ਨੇ ਕਿਹਾ ਕਿ ਬੜੀ ਮੁਸੱਕਤ ਨਾਲ ਇਸ ਗਰੀਬ ਮਜ਼ਦੂਰ ਨੇ ਪੈਸੇ ਕਮਾਏ ਸਨ,ਜਿਨਾਂ ਨੂੰ ਕਿ ਉਸਨੇ ਆਪਣੇ ਘਰ ਭੇਜਣਾ ਸੀ। ਉਨ੍ਹਾਂ ਇਸ ਘਟਨਾ ਦੀ ਰਿਪੋਰਟ ਵੀ ਥਾਣਾ ਅਮਰਗੜ੍ਹ ਵਿਖੇ ਦਰਜ ਕਰਵਾ ਦਿੱਤੀ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ ; ਜਦੋਂ ਸਮੁੱਚੀ ਘਟਨਾ ਸਬੰਧੀ ਥਾਣਾ ਮੁਖੀ ਇੰ. ਰਣਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਦਰਖਾਸਤ ਪ੍ਰਾਪਤ ਹੋਈ ਹੈ,ਪੁਲਿਸ ਟੀਮ ਵੱਲੋਂ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਨੌਸ਼ਰਬਾਜ ਪੁਲਿਸ ਦੀ ਗ੍ਰਿਫਤ ‘ਚ ਹੋਣਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਬੈਂਕ ਵਿੱਚ ਕਿਸੇ ਵੀ ਅਣਜਾਣ ਵਿਅਕਤੀ ‘ਤੇ ਭਰੋਸਾ ਨਾ ਕੀਤਾ ਜਾਵੇ।