


ਬੱਬੂ ਸੋਢੀ ਦੀ ਫ਼ਿਲਮ ‘ਅਧੂਰੇ ਸੁਪਨੇ’ ਦੇਵੇਗੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਸੁਨੇਹਾ
ਫ਼ਿਲਮ ਦਾ ਪੋਸਟਰ ਜਾਰੀ; ਨਸ਼ਿਆਂ ਦੀ ਲਾਹਨਤ ਨੂੰ ਦਰਸਾਏਗੀ ਕਹਾਣੀ
ਬਰਨਾਲਾ, 13 ਸਤੰਬਰ (ਹਿਮਾਂਸ਼ੂ ਗੋਇਲ):
ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਅਤੇ ਇਸ ਦੇ ਨੌਜਵਾਨ ਪੀੜ੍ਹੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਨਿਰਮਾਤਾ ਤੇ ਲੇਖਕ ਬੱਬੂ ਸੋਢੀ ਦੀ ਪੰਜਾਬੀ ਫ਼ਿਲਮ ‘ਅਧੂਰੇ ਸੁਪਨੇ’ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਫ਼ਿਲਮ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਰਿਲੀਜ਼ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਸ ਮੌਕੇ ਬੱਬੂ ਸੋਢੀ ਨੇ ਕਿਹਾ ਕਿ ਨਸ਼ਿਆਂ ਦੀ ਬਿਮਾਰੀ ਪੰਜਾਬ ਅਤੇ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ। ਫ਼ਿਲਮ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਸ ਕਾਰਨ ਪਰਿਵਾਰਾਂ ਨੂੰ ਝੱਲਣੀ ਪੈਂਦੀ ਤ੍ਰਾਸਦੀ ਨੂੰ ਸਮਾਜ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ‘ਅਧੂਰੇ ਸੁਪਨੇ’ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਨੂੰ ਇਸ ਸਮਾਜਿਕ ਬੁਰਾਈ ਖ਼ਿਲਾਫ਼ ਇਕਜੁੱਟ ਹੋਣ ਦਾ ਸੁਨੇਹਾ ਦੇਣਾ ਹੈ। ਫ਼ਿਲਮ ਵਿੱਚ ਨਸ਼ਿਆਂ ਦੀ ਲਤ ਕਾਰਨ ਟੁੱਟਦੇ ਪਰਿਵਾਰਾਂ ਅਤੇ ਨੌਜਵਾਨਾਂ ਦੇ ਅਧੂਰੇ ਰਹਿ ਜਾਂਦੇ ਸੁਪਨਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ।

ਫ਼ਿਲਮ ਦੇ ਨਿਰਮਾਤਾ ਤੇ ਲੇਖਕ ਬੱਬੂ ਸੋਢੀ, ਨਿਰਦੇਸ਼ਕ ਬਿੰਦਰ ਧਨੌਲਾ ਅਤੇ ਕੈਮਰਾਮੈਨ ਫ਼ਤਿਹ ਗਿੱਲ ਸਟੂਡੀਓ ਹਨ। ਫ਼ਿਲਮ ਨੂੰ ਪੰਜਾਬੀ ਸਿਨੇਮਾ ਦੇ ਮਾਧਿਅਮ ਰਾਹੀਂ ਦਰਸ਼ਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਨੌਜਵਾਨਾਂ ਅਤੇ ਸਮਾਜ ਨੂੰ ਨਸ਼ਿਆਂ ਖ਼ਿਲਾਫ਼ ਸੋਚਣ ਅਤੇ ਜਾਗਰੂਕ ਹੋਣ ਲਈ ਪ੍ਰੇਰਿਤ ਕਰੇਗੀ।


