


ਡੇਂਗੂ ਤੋਂ ਬਚਾਅ ਲਈ ਮੱਛਰ ਦਾ ਖਾਤਮਾ ਅਤੇ ਸਾਵਧਾਨੀਆਂ ਜ਼ਰੂਰੀ: ਸਿਵਲ ਸਰਜਨ
ਸਿਹਤ ਵਿਭਾਗ ਵਲੋਂ ਗਤੀਵਿਧੀਆਂ ਜਾਰੀ
ਬਰਨਾਲਾ(ਹਿਮਾਂਸ਼ੂ ਗੋਇਲ)
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਪੱਤਰ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਰੈਸਟੋਰੈਂਟ, ਢਾਬੇ ਤੇ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕਰਕੇ ਨਸ਼ਟ ਕਰਨ, ਮੱਛਰ ਦੇ ਪੈਦਾ ਹੋਣ ਵਾਲੀਆਂ ਥਾਵਾਂ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਕੁਮਾਰ ਅਤੇ ਡਾ. ਸਾਕਸ਼ੀ ਸੋਨੀ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਸਰੀਰ ‘ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਸਲਾਹ ਅਨੁਸਾਰ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਸਿਹਤ ਸੁਪਰਵਾਈਜ਼ਰ ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਸਹਿਣਾ ਨੇ ਦੱਸਿਆ ਕਿ ਅੱਜ-ਕੱਲ੍ਹ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਲਈ ਆਪਣੇ ਘਰਾਂ, ਦੁਕਾਨਾਂ ਅਤੇ ਵਰਕਸ਼ਾਪਾਂ ਵਿਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ , ਗਮਲੇ ,ਕੂਲਰਾਂ ਅਤੇ ਫਰਿੱਜ ਦੇ ਬੈਕ ਟਰੇਅ ਆਦਿ ਪਾਣੀ ਦੇ ਸੋਮਿਆਂ ਨੂੰ ਹਰ ਸੋਮਵਾਰ/ਸੁੱਕਰਵਾਰ ਖਾਲੀ ਕਰਕੇ ਧੁੱਪ ਵਿੱਚ ਸੁਕਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਇਸ ਦੌਰਾਨ ਬਰਨਾਲਾ ਵਿੱਚ ਜਸਵਿੰਦਰ ਸਿੰਘ, ਚਮਕੌਰ ਸਿੰਘ, ਗਣੇਸ ਦੱਤ,ਜਗਜੀਤ ਸਿੰਘ ਅਤੇ ਗੁਲਾਬ ਸਿੰਘ ਸਿਹਤ ਕਰਮਚਾਰੀਆਂ ਅਤੇ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਇਸ ਸਮੇਂ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਡੇਂਗੂ ,ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜੇਕਰ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਚਾਹੀਦਾ ਹੈ। ਇਲਾਜ ਵਿੱਚ ਦੇਰੀ ਅਤੇ ਘਰੇਲੂ ਉਪਚਾਰ ਨਾਲ ਕਈ ਵਾਰ ਖਤਰੇ ਦਾ ਕਾਰਨ ਬਣ ਸਕਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਗਰੁੱਪ ਮੀਟਿੰਗਾਂ ਰਾਹੀਂ ਅਤੇ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪੈਂਫਲੈਟ/ ਪੋਸਟਰਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ।


