

ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਸਾਰਥਕ ਉਪਰਾਲੇ ਬੇਹੱਦ ਜ਼ਰੂਰੀ: ਵਿਧਾਇਕ ਅੰਮ੍ਰਿਤਪਾਲ ਸੁਖਾਨੰਦ
ਬਰਨਾਲਾ ਵਿੱਚ ਤਿੰਨ ਰੋਜ਼ਾ ਸੂਬਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਸ਼ਾਨੋ – ਸ਼ੌਕਤ ਨਾਲ ਸੰਪੰਨ
350 ਤੋਂ ਵੱਧ ਖਿਡਾਰੀਆਂ ਨੇ ਲਿਆ ਭਾਗ, ਬਰਨਾਲਾ ਦਾ ਯੁਵਨ ਬਾਂਸਲ ਛਾ
ਬਰਨਾਲਾ, 8 ਜੂਨ(ਹਿਮਾਂਸ਼ੂ ਗੋਇਲ)
ਖੇਡਾਂ ਸਾਡੀ ਨਵੀਂ ਪਨੀਰੀ ਦੀ ਜੀਵਨਸ਼ੈਲੀ ਸਿਹਤਮੰਦ ਬਣਾਉਣ, ਅਨੁਸ਼ਾਸਨ ਅਤੇ ਟੀਮ ਭਾਵਨਾ ਸਿਖਾਉਣ ਲਈ ਬੇਹੱਦ ਜ਼ਰੂਰੀ ਹਨ ਅਤੇ ਪੰਜਾਬ ਸਰਕਾਰ ਵੀ ਇਸ ਦਿਸ਼ਾ ਵਿਚ ਲਗਾਤਾਰ ਉਪਰਾਲੇ ਕਰ ਰਹੀ ਹੈ।
ਇਹ ਪ੍ਰਗਟਾਵਾ ਵਿਧਾਇਕ ਹਲਕਾ ਬਾਘਾ ਪੁਰਾਣਾ ਅਤੇ ਪ੍ਰਧਾਨ ਸਟੇਟ ਬੈਡਮਿੰਟਨ ਐਸੋਸੀਏਸ਼ਨ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਲੋਂ ਏਥੇ ਪੰਜਾਬ ਰਾਜ ਰੈਂਕਿੰਗ ਮਿਨੀ ਅਤੇ ਸਬ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਦੇ ਆਖਰੀ ਦਿਨ ਸਨਮਾਨ ਸਮਾਰੋਹ ਦੌਰਾਨ ਕੀਤਾ ਗਿਆ।
ਓਹਨਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਜਿੱਥੇ ਮੰਚ ਪ੍ਰਦਾਨ ਕਰਦੇ ਹਨ, ਓਥੇ ਬਿਹਤਰ ਅਤੇ ਸਿਹਤਮੰਦ ਇਨਸਾਨ ਬਣਾਉਂਦੇ ਹਨ। ਓਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਖੇਡਾਂ ਦੇ ਖੇਤਰ ਵਿਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਚਾਹੇ ਓਹ ਗੱਲ ਖੇਡਾਂ ਵਤਨ ਪੰਜਾਬ ਦੀਆਂ ਦੀ ਹੋਵੇ ਜਾਂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਜਾਂ ਓਹਨਾਂ ਨੂੰ ਸਮੇਂ ਸਮੇਂ ‘ਤੇ ਹੌਸਲਾ ਅਫਜ਼ਾਈ ਕਰਨ ਦੀ ਹੋਵੇ। ਓਹਨਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਦੇ ਸਾਰਥਕ ਨਤੀਜੇ ਆ ਰਹੇ ਹਨ ਅਤੇ ਪੰਜਾਬ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧ ਰਿਹਾ ਹੈ।
ਇਸ ਮੌਕੇ ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਅਤੇ ਬਰਨਾਲਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਇਸ਼ਵਿੰਦਰ ਸਿੰਘ ਜੰਡੂ ਨੇ ਦੱਸਿਆ ਕਿ ਬਰਨਾਲਾ ਸਪੋਰਟਸ ਕਲੱਬ ਅਤੇ ਐਲ ਬੀ ਐੱਸ ਕਾਲਜ ਵਿੱਚ ਕਰਵਾਏ ਇਸ ਤਿੰਨ ਰੋਜ਼ਾ ਸੂਬਾ ਪੱਧਰੀ ਮਿਨੀ ਅੰਡਰ-11 ਅਤੇ ਅੰਡਰ-13 ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਲਗਭਗ 350 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਓਹਨਾਂ ਕਿਹਾ ਕਿ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਸੇਧ ਨਾਲ ਐਸੋਸੀਏਸ਼ਨ ਵਲੋਂ ਲਗਾਤਾਰ ਖੇਡ ਉਪਰਾਲੇ ਕੀਤੇ ਜਾ ਰਹੇ ਹਨ।
ਓਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ, ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਆਈ ਪੀ ਐੱਸ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਪਰਮਿੰਦਰ ਸਿੰਘ ਭੰਗੂ ਤੇ ਮਿਉੰਸੀਪਲ ਕੌਂਸਲਰ ਹਸਨਪ੍ਰੀਤ ਭਾਰਦਵਾਜ ਸਮੇਤ ਹੋਰ ਪਤਵੰਤਿਆਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ, ਬਰਨਾਲਾ ਬੈਡਮਿੰਟਨ ਐਸੋਸੀਏਸ਼ਨ ਦੇ ਮੈਂਬਰ ਮੋਹਿਤ ਗਰਗ, ਸੰਯੁਕਤ ਸਕੱਤਰ ਸੁਖਰਾਜ ਸਿੰਘ ਧਾਲੀਵਾਲ, ਖਜ਼ਾਨਚੀ ਜਿੰਮੀ ਮਿੱਤਲ, ਜਨਰਲ ਸਕੱਤਰ ਜਸਵੰਤ ਸਿੰਘ ਜੱਸੀ ਨੇ ਜੇਤੂ ਖਿਡਾਰੀਆਂ ਦਾ ਟਰਾਫੀਆਂ, ਮੈਡਲਾਂ ਤੇ ਸਰਟੀਫਿਕੇਟਾਂ ਤੇ ਨਕਦ ਇਨਾਮੀ ਰਾਸ਼ੀ ਨਾਲ ਸਨਮਾਨ ਕੀਤਾ।
ਇਸ ਟੂਰਨਾਮੈਂਟ ਵਿਚ ਬਰਨਾਲਾ ਸ਼ਹਿਰ ਦੇ ਬੈਡਮਿੰਟਨ ਖਿਡਾਰੀ ਯੁਵਨ ਬਾਂਸਲ ਨੇ ਅੰਡਰ- 13 ਸ਼੍ਰੇਣੀ ਵਿੱਚ ਸਿੰਗਲ ਅਤੇ ਡਬਲ ਵਿਚ ਸਿਲਵਰ ਅਤੇ ਗੋਲਡ ਮੈਡਲ ਹਾਸਲ ਕੀਤਾ ਜਿਸ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।


