

ਜਨਗਣਨਾ 2027: ਜ਼ਿਲ੍ਹਾ ਬਰਨਾਲਾ ਨੇ ਪਹਿਲੇ ਪੜਾਅ ਹਾਊਸਲਿਸਟਿੰਗ ਅਤੇ ਹਾਊਸਿੰਗ ਵਿੱਚ ਮਾਰੀ ਬਾਜ਼ੀ, ਸੂਬੇ ਭਰ ‘ਚੋਂ ਅੱਵਲ
ਮਿੱਥੇ ਸਮੇਂ ਤੋਂ ਪਹਿਲਾਂ ਸਫਲਤਾਪੂਰਵਕ ਮਕਾਨ ਸੂਚੀਕਰਨ ਦਾ ਕੰਮ ਨੇਪਰੇ ਚਾੜਿਆ
ਡਿਪਟੀ ਕਮਿਸ਼ਨਰ ਨੇ ਸਮੂਹ ਜਨਗਣਨਾ ਅਮਲੇ ਨੂੰ ਦਿੱਤੀ ਮੁਬਾਰਕਬਾਦ
ਬਰਨਾਲਾ, 7 ਜੂਨ(ਹਿਮਾਂਸ਼ੂ ਗੋਇਲ)
ਪੰਜਾਬ ਵਿੱਚ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਹਾਊਸਲਿਸਟਿੰਗ ਅਤੇ ਹਾਊਸਿੰਗ (HLO) ਕਾਰਜ ਮਿੱਥੇ ਸਮੇਂ ਅੰਦਰ ਸਫਲਤਾਪੂਰਵਕ ਮੁਕੰਮਲ ਕਰਨ ਵਿਚ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਸੂਬੇ ਭਰ ਵਿੱਚੋਂ ਅੱਵਲ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕਮ ਪ੍ਰਮੁੱਖ ਜਨਗਣਨਾ ਅਫ਼ਸਰ ਬਰਨਾਲਾ ਅਤੇ ਕਮਿਸ਼ਨਰ ਕਮ ਪੀ ਸੀ ਓ ਨਗਰ ਨਿਗਮ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਜ਼ਿਲ੍ਹਾ ਬਰਨਾਲਾ ਦੀ ਇਸ ਪ੍ਰਾਪਤੀ ਲਈ ਸਮੂਹ ਜਨਗਣਨਾ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਪੂਰੀ ਟੀਮ ਦੀ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਸੰਭਵ ਹੋ ਸਕਿਆ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਨੇ ਜਨਗਣਨਾ 2027 ਦੇ ਪਹਿਲੇ ਪੜਾਅ ਹਾਊਸਲਿਸਟਿੰਗ ਅਤੇ ਹਾਊਸਿੰਗ ਆਪ੍ਰੇਸ਼ਨਜ਼ (HLO) ਤਹਿਤ ਸਾਰੇ ਹਾਊਸਲਿਸਟਿੰਗ ਬਲਾਕਾਂ (HLB) ਵਿੱਚ 100 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ। ਡਾਇਰੈਕਟੋਰੇਟ ਆਫ ਸੈਂਸਜ਼ ਆਪਰੇਸ਼ਨਜ਼ ਪੰਜਾਬ ਵਲੋਂ ਜਾਰੀ ਰਿਪੋਰਟ ਤਹਿਤ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਨੇ ਪੰਜਾਬ ਭਰ ਵਿੱਚੋਂ ਮੋਹਰੀ ਰਹਿ ਕੇ ਪਹਿਲਾ ਪੜਾਅ ਮੁਕੰਮਲ ਕੀਤਾ ਹੈ।
ਓਹਨਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਵਿੱਚ ਨਗਰ ਨਿਗਮ ਬਰਨਾਲਾ ਦੇ 172 ਹਾਊਸਲਿਸਟਿੰਗ ਬਲਾਕ (HLB) ਅਤੇ ਜ਼ਿਲ੍ਹਾ ਬਰਨਾਲਾ ਦੇ 800 ਹਾਊਸਲਿਸਟਿੰਗ ਬਲਾਕ ਸਨ। ਜ਼ਿਲ੍ਹਾ ਬਰਨਾਲਾ ਨੂੰ 7 ਚਾਰਜ ਖੇਤਰਾਂ ਤਹਿਸੀਲ ਮਹਿਲ ਕਲਾਂ, ਤਹਿਸੀਲ ਬਰਨਾਲਾ, ਤਹਿਸੀਲ ਤਪਾ, ਨਗਰ ਪੰਚਾਇਤ ਹੰਡਿਆਇਆ, ਨਗਰ ਕੌਂਸਲ ਲਿਮਿਟ (ਐਮਸੀਐਲ) ਧਨੌਲਾ, ਐਮਸੀਐਲ ਤਪਾ, ਐਮਸੀਐਲ ਭਦੌੜ ਵਿਚ ਵੰਡਿਆ ਗਿਆ ਸੀ ਜਿਨ੍ਹਾਂ ਵਿਚ ਚਾਰਜ ਅਫ਼ਸਰ ਲਗਾਏ ਗਏ ਸਨ ਜੋ ਕਿ ਆਪਣੇ ਆਪਣੇ ਚਾਰਜ ਅਧੀਨ ਜਨਗਣਨਾ ਕਾਰਜ ਦੀ ਲਗਾਤਾਰ ਨਿਗਰਾਨੀ ਕਰ ਰਹੇ ਸਨ। ਜਨਗਣਨਾ ਦੇ ਇਸ ਕਾਰਜ ਵਿਚ ਫੀਲਡ ਸਟਾਫ ਵਜੋਂ 1200 ਤੋਂ ਵੱਧ ਗਿਣਤੀਕਾਰ ਅਤੇ ਹਰ 6 ਗਿਣਤੀਕਾਰਾਂ ਪਿੱਛੇ ਇਕ ਸੁਪਰਵਾਇਜ਼ਰ ਲਗਾਇਆ ਗਿਆ। ਓਹਨਾਂ ਦੱਸਿਆ ਕਿ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦਾ ਸਮੇਂ ਸਮੇਂ ਉੱਤੇ ਜ਼ਿਲ੍ਹਾ ਪੱਧਰ ‘ਤੇ ਸਨਮਾਨ ਵੀ ਕੀਤਾ ਗਿਆ ਤਾਂ ਜੋ ਫੀਲਡ ਸਟਾਫ਼ ਨੂੰ ਹੱਲਾਸ਼ੇਰੀ ਮਿਲੇ ਅਤੇ ਉਹ ਦੂਜਿਆਂ ਲਈ ਵੀ ਪ੍ਰੇਰਣਾ ਬਣਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ 100 ਫੀਸਦੀ ਹਾਊਸਲਿਸਟਿੰਗ ਬਲਾਕਾਂ ਵਿੱਚ ਮਕਾਨ ਸੂਚੀਕਰਨ ਸ਼ੁਰੂ ਕਰਨ ਵਿਚ ਵੀ ਸੂਬੇ ਭਰ ਵਿੱਚੋਂ ਮੋਹਰੀ ਰਿਹਾ ਸੀ ਅਤੇ ਨਗਰ ਪੰਚਾਇਤ ਹੰਡਿਆਇਆ (ਚਾਰਜ ਖੇਤਰ) ਨੇ ਸਭ ਤੋਂ ਪਹਿਲਾਂ ਮਕਾਨ ਸੂਚੀਕਰਨ ਮੁਕੰਮਲ ਕਰਨ ਵਾਲੇ ਚਾਰਜ ਖੇਤਰਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਗੌਰਤਲਬ ਹੈ ਕਿ ਜਨਗਣਨਾ ਦੇ ਪਹਿਲੇ ਪੜਾਅ ਹਾਊਸਿੰਗ ਅਤੇ ਹਾਊਸਲਿਸਟਿੰਗ ਆਪ੍ਰੇਸ਼ਨਜ਼ ਦੀ ਸ਼ੁਰੂਆਤ 15 ਮਈ 2026 ਤੋਂ ਹੋਈ ਸੀ, ਜੋ ਕਿ 13 ਜੂਨ 2026 ਤੱਕ ਸੂਬੇ ਵਿਚ ਚੱਲਣਾ ਹੈ।


