

ਧਨੌਲਾ ਨਗਰ ਕੌਂਸਲ ਚੋਣਾਂ: ਵਾਰਡ ਨੰਬਰ 10 ਬਣਿਆ ਹੌਟ ਸੀਟ, ਸਿਆਸੀ ਪਰਿਵਾਰਾਂ ਦੀਆਂ ਮਹਿਲਾਵਾਂ ਵਿਚਕਾਰ ਰੋਚਕ ਮੁਕਾਬਲਾ
ਧਨੌਲਾ, 22 ਮਈ (ਹਿਮਾਂਸ਼ੂ ਗੋਇਲ)
ਧਨੌਲਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 10 ਇਨ੍ਹਾਂ ਦਿਨਾਂ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। 26 ਮਈ 2026 ਨੂੰ ਹੋਣ ਜਾ ਰਹੀਆਂ ਚੋਣਾਂ ਲਈ ਇਸ ਵਾਰਡ ਵਿੱਚ ਚਾਰ ਮਹਿਲਾ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਕਈ ਸਿਆਸੀ ਅਤੇ ਪ੍ਰਭਾਵਸ਼ਾਲੀ ਪਰਿਵਾਰਾਂ ਨਾਲ ਜੁੜੀਆਂ ਹੋਣ ਕਾਰਨ ਮੁਕਾਬਲਾ ਕਾਫੀ ਦਿਲਚਸਪ ਬਣ ਗਿਆ ਹੈ।
ਭਾਜਪਾ ਵੱਲੋਂ ਮਨਜੀਤ ਕੌਰ ਕਮਲ ਦੇ ਫੁੱਲ ਨਿਸ਼ਾਨ ’ਤੇ ਚੋਣ ਮੈਦਾਨ ਵਿੱਚ ਹਨ। ਆਜ਼ਾਦ ਉਮੀਦਵਾਰ ਵਜੋਂ ਕੁਲਦੀਪ ਕੌਰ ਮੁੰਦਰੀ ਟਰੱਕ ਨਿਸ਼ਾਨ ਨਾਲ ਆਪਣੀ ਕਿਸਮਤ ਅਜ਼ਮਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਜਸਵਿੰਦਰ ਕੌਰ ਝਾੜੂ ਨਿਸ਼ਾਨ ’ਤੇ ਲੋਕਾਂ ਤੋਂ ਸਮਰਥਨ ਮੰਗ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੱਛਮੀ ਕੌਰ ਤੱਕੜੀ ਨਿਸ਼ਾਨ ’ਤੇ ਚੋਣ ਲੜ ਰਹੇ ਹਨ।
ਇਸ ਵਾਰਡ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਸਾਬਕਾ ਮੀਤ ਪ੍ਰਧਾਨ ਸੁਖਵਿੰਦਰ ਮੁੰਦਰੀ, ਸਮਾਜਸੇਵੀ ਅਮਰੀਕ ਸਿੰਘ ਅਤੇ ਜਾਣੇ-ਮਾਣੇ ਆਗੂ ਜਗਰਾਜ ਸਿੰਘ ਦੇ ਪਰਿਵਾਰਾਂ ਨਾਲ ਸੰਬੰਧਤ ਮਹਿਲਾਵਾਂ ਚੋਣ ਮੈਦਾਨ ਵਿੱਚ ਉਤਰਣ ਕਾਰਨ ਇਹ ਵਾਰਡ ਹੁਣ “ਹੌਟ ਵਾਰਡ” ਵਜੋਂ ਚਰਚਾ ਵਿੱਚ ਆ ਗਿਆ ਹੈ। ਸਿਆਸੀ ਗਲਿਆਰਿਆਂ ਤੋਂ ਲੈ ਕੇ ਚਾਹ ਦੀਆਂ ਦੁਕਾਨਾਂ ਤੱਕ ਇਸ ਵਾਰਡ ਦੇ ਨਤੀਜਿਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।
ਵਾਰਡ ਵਿੱਚ ਚੋਣ ਪ੍ਰਚਾਰ ਦਿਨੋਂ-ਦਿਨ ਤੇਜ਼ ਹੋ ਰਿਹਾ ਹੈ। ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਵਿਕਾਸ ਦੇ ਵਾਅਦਿਆਂ ਨਾਲ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਵਾਰ ਮੁਕਾਬਲਾ ਕਾਫੀ ਕੜਾ ਰਹੇਗਾ ਅਤੇ ਨਤੀਜੇ ਆਖ਼ਰੀ ਵੇਲੇ ਤੱਕ ਰੋਮਾਂਚਕ ਬਣੇ ਰਹਿਣ ਦੀ ਸੰਭਾਵਨਾ ਹੈ।
ਪੇਸ਼ਕਸ਼: ਹਿਮਾਂਸ਼ੂ ਗੋਇਲ, ਜੁੜੇ ਰਹੋ: theepapers.com ਨਾਲ……


