

“Ride for Health, Ride for Mind” — ਆਰੀਆਭੱਟਾ ਗਰੁੱਪ ਆਫ ਇੰਸਟੀਚਿਊਟਸ ਦੇ ਸਹਿਯੋਗ ਨਾਲ ਪਰਵੀਨ ਕੁਮਾਰ (ਸੋਨੀ) ਬਰਨਾਲਾ ਵੱਲੋਂ ਸੋਨੀ ਸਾਈਕਲਿੰਗ ਗਰੁੱਪ ਦੀ ਸ਼ੁਰੂਆਤ
ਬਰਨਾਲਾ(ਹਿਮਾਂਸ਼ੂ ਗੋਇਲ) — ਸਿਹਤਮੰਦ ਅਤੇ ਫਿੱਟ ਸਮਾਜ ਦੀ ਸਿਰਜਣਾ ਵੱਲ ਇੱਕ ਪ੍ਰੇਰਣਾਦਾਇਕ ਕਦਮ ਚੁੱਕਦਿਆਂ ਪਰਵੀਨ ਕੁਮਾਰ (ਸੋਨੀ) ਬਰਨਾਲਾ ਵੱਲੋਂ ਆਰੀਆਭੱਟਾ ਗਰੁੱਪ ਆਫ ਇੰਸਟੀਚਿਊਟਸ ਦੇ ਸਹਿਯੋਗ ਨਾਲ “ਸੋਨੀ ਸਾਈਕਲਿੰਗ ਗਰੁੱਪ” ਦੀ ਸ਼ੁਰੂਆਤ ਕੀਤੀ ਗਈ। ਗਰੁੱਪ ਦੇ ਪ੍ਰਧਾਨ ਪਰਵੀਨ ਕੁਮਾਰ (ਸੋਨੀ) ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਹਰ ਉਮਰ ਵਰਗ ਦੇ ਲੋਕਾਂ ਨੂੰ ਸਾਈਕਲਿੰਗ ਨਾਲ ਜੋੜ ਕੇ ਸਰੀਰਕ ਤੰਦਰੁਸਤੀ, ਮਾਨਸਿਕ ਮਜ਼ਬੂਤੀ ਅਤੇ ਸਕਾਰਾਤਮਕ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ। ਗਰੁੱਪ ਦੀ ਸ਼ੁਰੂਆਤ ਮੌਕੇ ਵੱਡੀ ਗਿਣਤੀ ਵਿੱਚ ਸਾਈਕਲਿੰਗ ਪ੍ਰੇਮੀ, ਨੌਜਵਾਨ, ਸਮਾਜਸੇਵੀ ਅਤੇ ਸਿਹਤ ਪ੍ਰਤੀ ਜਾਗਰੂਕ ਲੋਕ ਮੌਜੂਦ ਰਹੇ।
ਇਸ ਮੌਕੇ ਗਰੁੱਪ ਦੇ ਪ੍ਰਧਾਨ ਪਰਵੀਨ ਕੁਮਾਰ (ਸੋਨੀ) ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੀ ਜ਼ਿੰਦਗੀ ਬਹੁਤ ਵਿਆਸਤ ਅਤੇ ਤਣਾਅ ਭਰੀ ਹੋ ਚੁੱਕੀ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ ਅਤੇ ਆਧੁਨਿਕ ਜੀਵਨਸ਼ੈਲੀ ਕਾਰਨ ਲੋਕ ਸਰੀਰਕ ਗਤੀਵਿਧੀਆਂ ਤੋਂ ਦੂਰ ਹੋ ਰਹੇ ਹਨ, ਜਿਸ ਕਰਕੇ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਈਕਲਿੰਗ ਇੱਕ ਸਧਾਰਣ ਅਤੇ ਪ੍ਰਭਾਵਸ਼ਾਲੀ ਕਸਰਤ ਹੈ, ਜੋ ਸਰੀਰ ਨੂੰ ਫਿੱਟ ਰੱਖਣ ਦੇ ਨਾਲ-ਨਾਲ ਮਨ ਨੂੰ ਵੀ ਤਾਜ਼ਗੀ ਅਤੇ ਸ਼ਾਂਤੀ ਪ੍ਰਦਾਨ ਕਰਦੀ ਹੈ।
ਇਸ ਮੌਕੇ ਆਰੀਆਭੱਟਾ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਆਰ. ਕੇ. ਗੁਪਤਾ ਵੱਲੋਂ “ਸੋਨੀ ਸਾਈਕਲਿੰਗ ਗਰੁੱਪ” ਦੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਸਾਈਕਲਿੰਗ ਡਰੈੱਸ ਭੇਟ ਕੀਤੀਆਂ ਗਈਆਂ। ਚੇਅਰਮੈਨ ਆਰ. ਕੇ. ਗੁਪਤਾ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤਮੰਦ ਜੀਵਨ ਹੀ ਸਫਲ ਜੀਵਨ ਦੀ ਕੁੰਜੀ ਹੈ ਅਤੇ ਸਾਈਕਲਿੰਗ ਵਰਗੀਆਂ ਗਤੀਵਿਧੀਆਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ “ਸੋਨੀ ਸਾਈਕਲਿੰਗ ਗਰੁੱਪ” ਦਾ ਉਦੇਸ਼ ਕੇਵਲ ਸਾਈਕਲ ਚਲਾਉਣ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਤੇ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਨਿਯਮਿਤ ਸਾਈਕਲਿੰਗ ਨਾਲ ਸਰੀਰ ਵਿੱਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਵਿਅਕਤੀ ਤਣਾਅ-ਮੁਕਤ ਮਹਿਸੂਸ ਕਰਦਾ ਹੈ।
ਪਰਵੀਨ ਕੁਮਾਰ (ਸੋਨੀ) ਨੇ ਦੱਸਿਆ ਕਿ ਗਰੁੱਪ ਵੱਲੋਂ ਹਰ ਰੋਜ਼ ਸਵੇਰੇ ਸਾਈਕਲਿੰਗ ਰਾਈਡ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸ਼ਹਿਰ ਦੇ ਹਰ ਵਰਗ ਦੇ ਲੋਕ ਭਾਗ ਲੈ ਸਕਣਗੇ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਫਿੱਟਨੈੱਸ ਰਾਈਡ, ਸਾਈਕਲ ਰੈਲੀ ਅਤੇ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਭਵਿੱਖ ਵਿੱਚ “Ride for Health”, “Ride for Environment” ਅਤੇ “ਨਸ਼ਾ ਮੁਕਤ ਪੰਜਾਬ” ਵਰਗੀਆਂ ਵਿਸ਼ੇਸ਼ ਮੁਹਿੰਮਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਮੌਕੇ ਗਰੁੱਪ ਦੇ ਮੈਂਬਰਾਂ ਵਿੱਚ ਕਪਿਲ ਰੂਟਸ, ਅਰਿਹੰਤ ਜੈਨ, ਜਤਿੰਦਰ ਸਿੰਗਲਾ, ਜਤਿਨ ਕਪਿਲਾ, ਗੋਰਾ ਬੰਸਲ, ਵਿਕ्की ਗੋਯਲ, ਟਿੰਕੂ ਗੁਪਤਾ, ਗੈਮੀ ਬੰਸਲ, ਮੁਕੇਸ਼ ਸੈਨ, ਅੰਕੁਰ ਸਾਹੋਰਿਆ, ਧੀਰਜ ਕੁਮਾਰ, ਅਨਿਲ ਮਿੱਤਲ, ਦੀਪਕ ਜਿੰਦਲ, ਨੈਤਿਕ ਸਿੰਗਲਾ, ਮੁਕੇਸ਼ ਬੰਸਲ, ਰਿਸ਼ਵ, ਰਾਫੀ, ਸ਼ੈਂਟੀ ਮਿੱਤਲ, ਹੈਪੀ ਗੋਯਲ, ਮੁਦਿਤ ਗੋਯਲ ਸਮੇਤ ਹੋਰ ਸਾਈਕਲਿੰਗ ਪ੍ਰੇਮੀ ਮੌਜੂਦ ਰਹੇ


