



ਬਰਨਾਲਾ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ‘ਚ 160 ਗੁੰਮ ਹੋਏ ਮੋਬਾਇਲ ਫੋਨ ਟਰੇਸ — ਅਸਲੀ ਮਾਲਕਾਂ ਨੂੰ ਕੀਤੇ ਵਾਪਸ
ਬਰਨਾਲਾ, 30 ਅਕਤੂਬਰ (ਹਿਮਾਂਸ਼ੂ ਗੋਇਲ):
ਸ੍ਰੀ ਮੁਹੰਮਦ ਸਰਫਰਾਜ ਆਲਮ, IPS, ਸੀਨੀਅਰ ਕਪਤਾਨ ਪੁਲਿਸ ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਸਨੂੰ ਨਾ ਸਿਰਫ਼ ਆਰਥਿਕ ਨੁਕਸਾਨ ਹੁੰਦਾ ਹੈ, ਸਗੋਂ ਉਸਦੇ ਕੀਮਤੀ ਡਾਟਾ ਦਾ ਵੀ ਨੁਕਸਾਨ ਹੋ ਜਾਂਦਾ ਹੈ। ਇਸੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਬਰਨਾਲਾ ਪੁਲਿਸ ਵੱਲੋਂ ਲੋਕਾਂ ਦੇ ਗੁੰਮ ਹੋਏ ਮੋਬਾਇਲ ਫੋਨ ਲੱਭਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਹ ਮੁਹਿੰਮ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ ਆਲਮ, IPS ਦੇ ਦਿਸ਼ਾ-ਨਿਰਦੇਸ਼ ਹੇਠ ਐਸ.ਪੀ. ਅਸ਼ੋਕ ਕੁਮਾਰ ਸਿੰਘ, PPS (ਕਪਤਾਨ ਪੁਲਿਸ ਡੀ.) ਅਤੇ ਡੀ.ਐੱਸ.ਪੀ. ਜਸਵਿੰਦਰ ਕੌਰ, PPS (ਸਾਈਬਰ ਕਰਾਈਮ ਬਰਨਾਲਾ) ਦੀ ਅਗਵਾਈ ਹੇਠ ਚਲਾਈ ਗਈ। ਇਸ ਮੁਹਿੰਮ ਦੌਰਾਨ ਇੰਸਪੈਕਟਰ ਕਮਲਜੀਤ ਸਿੰਘ (ਥਾਣਾ ਸਾਈਬਰ ਕਰਾਈਮ ਬਰਨਾਲਾ) ਅਤੇ ਟੈਕਨੀਕਲ ਸੈਲ ਦੀ ਟੀਮ ਨੇ ਮਿਲ ਕੇ ਕਾਮਯਾਬੀ ਨਾਲ 160 ਗੁੰਮ ਹੋਏ ਮੋਬਾਇਲ ਫੋਨ ਟਰੇਸ ਕੀਤੇ। ਇਨ੍ਹਾਂ ਫੋਨਾਂ ਨੂੰ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੱਦ ਕੇ ਵਾਪਸ ਕੀਤਾ ਗਿਆ, ਜਿਸ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਇਨ੍ਹਾਂ ਮੋਬਾਇਲਾਂ ਵਿੱਚ ਕੁਝ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਵਿਅਕਤੀਆਂ ਦੇ ਫੋਨ ਵੀ ਸ਼ਾਮਲ ਸਨ। ਪੁਲਿਸ ਨੇ ਦੱਸਿਆ ਕਿ ਬਾਕੀ ਰਹਿੰਦੇ ਫੋਨਾਂ ਨੂੰ ਵੀ ਜਲਦੀ ਟਰੇਸ ਕਰਕੇ ਮਾਲਕਾਂ ਨੂੰ ਸੌਂਪ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਹੰਮਦ ਸਰਫਰਾਜ ਆਲਮ, IPS ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਇਲ ਫੋਨ ਖਰੀਦਦਿਆਂ ਸਮੇਂ ਉਸਦਾ ਬਿੱਲ, ਡੱਬਾ ਅਤੇ IMEI ਨੰਬਰ CEIR ਪੋਰਟਲ ‘ਤੇ ਵੇਰੀਫਾਈ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਕਾਨੂੰਨੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।


