



ਟਰਾਈਡੈਂਟ ਮੈਗਾ ਕੈਂਪ: ਸੀ.ਐੱਮ.ਸੀ. ਲੁਧਿਆਣਾ ਦੀ ਪੂਰੀ ਟੀਮ ਨਿਊਰੋਲੋਜੀ ਤੇ ਨੈਫਰੋਲੋਜੀ ਸਮੇਤ ਸਾਰੀਆਂ ਸਹੂਲਤਾਂ ਦੇਵੇਗੀ – ਡਾ. ਐਲਨ ਜੋਜ਼ਫ਼
18 ਦਿਨਾਂ ਕੈਂਪ ਦਾ ਪੂਰਾ ਲਾਭ ਲੈਣ ਦੀ ਅਪੀਲ
ਬਰਨਾਲਾ, 28 ਅਕਤੂਬਰ (ਹਿਮਾਂਸ਼ੂ ਗੋਇਲ) : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਜਾ ਰਹੇ ‘ਫਰੀ ਮੈਗਾ ਮੈਡੀਕਲ ਕੈਂਪ 2025’ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ ਅਤੇ ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਜੀ ਦੀ ਦੂਰਅੰਦੇਸ਼ੀ ਸੋਚ ਅਤੇ ਸਿਹਤਮੰਦ ਸਮਾਜ ਵੱਲ ਵੱਡੀ ਕੋਸ਼ਿਸ਼ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਤਹਿਤ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਬਰਨਾਲਾ ਵਾਸੀਆਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਡਾ. ਜੋਜ਼ਫ਼ ਨੇ ਦੱਸਿਆ ਕਿ ਇਸ ਕੈਂਪ ਵਿੱਚ ਸੀ.ਐੱਮ.ਸੀ. ਹਸਪਤਾਲ ਵੱਲੋਂ ਲਗਭਗ ਸਾਰੀਆਂ ਮੁੱਖ ਸਪੈਸ਼ਲਿਟੀਆਂ ਦੇ ਮਾਹਿਰ ਡਾਕਟਰ ਸ਼ਾਮਲ ਹੋਣਗੇ। ਜਿੰਨ੍ਹਾਂ ਵੱਲੋਂ ਜਨਰਲ ਸਰਜਰੀ ਅਤੇ ਜਨਰਲ ਮੈਡੀਸਨ, ਚਮੜੀ, ਔਰਤਾਂ ਦੇ ਰੋਗ, ਨੱਕ, ਕੰਨ ਤੇ ਗਲਾ ਅਤੇ ਸੁਣਨ ਸ਼ਕਤੀ ਦੀ ਜਾਂਚ ਆਦਿ ਸਪੈਸ਼ਲਿਸਟ ਸੇਵਾਵਾਂ, ਗੁਰਦਾ ਰੋਗ ਅਤੇ ਦਿਮਾਗੀ ਰੋਗ ਸੁਪਰ-ਸਪੈਸ਼ਲਿਸਟ ਸੇਵਾਵਾਂ, ਦੰਦਾਂ ਦੀ ਮੁਕੰਮਲ ਜਾਂਚ, ਸਕੇਲਿੰਗ (ਸਫ਼ਾਈ), ਦੰਦਾਂ ਦੀ ਭਰਾਈ ਅਤੇ ਖਰਾਬ ਦੰਦਾਂ ਨੂੰ ਕੱਢਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਮੁਕੰਮਲ ਚੈੱਕਅੱਪ ਕਰਨ ਦੇ ਨਾਲ-ਨਾਲ ਲੋੜੀਂਦੇ ਬਲੱਡ ਟੈਸਟ, ਈ.ਸੀ.ਜੀ. ਅਤੇ ਛਾਤੀ ਦੇ ਐਕਸ-ਰੇ ਵੀ ਬਿਲਕੁਲ ਮੁਫ਼ਤ ਕੀਤੇ ਜਾਣਗੇ ਅਤੇ ਮੌਕੇ ’ਤੇ ਹੀ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਕੀਤੇ ਵਿਸ਼ੇਸ਼ ਪ੍ਰਬੰਧਾਂ ਸਬੰਧੀ ਡਾ. ਜੋਜ਼ਫ਼ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਅੱਖਾਂ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ। ਜਿਨ੍ਹਾਂ ਮਰੀਜ਼ਾਂ ਨੂੰ ਮੋਤੀਆਬਿੰਦ ਦੀ ਸਮੱਸਿਆ ਹੋਵੇਗੀ, ਉਨ੍ਹਾਂ ਦੀ ਪਛਾਣ ਕਰਕੇ ਸਰਜਰੀ ਲਈ ਵਿਸ਼ੇਸ਼ ਬੱਸ ਰਾਹੀਂ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਲਿਜਾਇਆ ਜਾਵੇਗਾ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਸੁਰੱਖਿਅਤ ਵਾਪਸ ਬਰਨਾਲਾ ਛੱਡਣ ਦੀ ਜ਼ਿੰਮੇਵਾਰੀ ਵੀ ਟੀਮ ਦੀ ਹੋਵੇਗੀ। ਉਨ੍ਹਾਂ ਬਰਨਾਲਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 29 ਅਕਤੂਬਰ ਤੋਂ 5 ਦਸੰਬਰ ਤੱਕ (ਹਫ਼ਤੇ ਦੇ 3 ਦਿਨ) ਚੱਲਣ ਵਾਲੇ ਇਸ ਕੁੱਲ 18 ਦਿਨਾਂ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ, “ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਲੋੜਵੰਦ ਮਰੀਜ਼ ਹੈ, ਤਾਂ ਉਸ ਨੂੰ ਇਸ ਕੈਂਪ ਬਾਰੇ ਜ਼ਰੂਰ ਦੱਸੋ ਅਤੇ ਇਲਾਜ ਕਰਵਾਉਣ ਲਈ ਪ੍ਰੇਰਿਤ ਕਰੋ।”


