
ਅਮਰਗੜ੍ਹ,15 ਸਤੰਬਰ (ਵਤਨ ਬਾਠ)- ਭਾਵੇਂ ਕਿ ਸਰਕਾਰਾਂ ਵੱਲੋਂ ਜੁਰਮਾਂ ‘ਚ ਹੋ ਰਹੇ ਦਿਨ ਪ੍ਰਤੀ ਦਿਨ ਵਾਧੇ ਅਤੇ ਵਧ ਰਹੇ ਸੜਕਾਂ ਹਾਦਸਿਆਂ ਨੂੰ ਰੋਕਣ ਲਈ ਪੁਰਾਣੀਆਂ ਤੇ ਮਿਆਦ ਲੰਘੀਆਂ ਗੱਡੀਆਂ ਲਈ ਨਿੱਤ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ,ਪਰ ਅਮਰਗੜ੍ਹ ਦੀ ਪੁੱਡਾ ਕਲੋਨੀ ‘ਚ ਹਰ ਮਹੀਨੇ ਐਤਵਾਰ ਵਾਲੇ ਦਿਨ ਸਰਕਾਰੀ ਛੁੱਟੀ ਦਾ ਲਾਹਾ ਲੈਂਦੇ ਹੋਏ ਕਾਰ ਮੇਲਾ ਲਗਾ ਕੇ ਜਿੱਥੇ ਪੁਰਾਣੀਆਂ ਤੇ ਮਿਆਦ ਲੰਘੀਆਂ ਬਾਹਰਲੀਆਂ ਸਟੇਟਾਂ ਦੀਆਂ ਗੱਡੀਆਂ ਦੀ ਖਰੀਦੋ-ਫਰੋਖਤ ਬੜੇ ਧੜੱਲੇ ਨਾਲ ਕੀਤੀ ਜਾਂਦੀ ਹੈ,ਉੱਥੇ ਹੀ ਸਰਕਾਰ ਨੂੰ ਟੈਕਸ ਚੋਰੀ ਦੇ ਭੰਬਲਭੂਸੇ ਦੁਆਰਾ ਲੱਖਾਂ ਰੁਪਏ ਦਾ ਚੂਨਾ ਵੀ ਲਗਾਇਆ ਜਾ ਰਿਹਾ ਹੈ।
ਇਸ ਤੋਂ ਵੀ ਦੋ ਕਦਮ ਅੱਗੇ ਚਲਦਿਆਂ ਗ੍ਰਾਹਕਾਂ ਦੀ ਕਿਸਮਤ ਅਜਮਾਉਣ ਦੇ ਨਾਮ ‘ਤੇ ਉਨ੍ਹਾਂ ਨੂੰ ਇੱਕ ਫਰਜ਼ੀ ਪਰਚੀ ਰਾਹੀਂ ਮੱਕੜ ਜਾਲ ਵਿੱਚ ਉਲਝਾਇਆ ਜਾ ਰਿਹਾ ਹੈ। ਇਸ ਸਬੰਧੀ ਸਥਾਨਕ ਲੋਕਾਂ ਵੱਲੋਂ ਮੀਡੀਆ ਦੇ ਧਿਆਨ ‘ਚ ਲਿਆਉਣ ਉਪਰੰਤ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਉਸ ਲਗਾਏ ਜਾ ਰਹੇ ਮੇਲੇ ਦਾ ਦੌਰਾ ਕੀਤਾ ਤਾਂ ਪੁੱਡਾ ਦੀ ਜਗ੍ਹਾ ‘ਚ ਅਨੇਕਾਂ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਸਨ,ਜਿਨਾਂ ‘ਚੋਂ ਜਿਆਦਾਤਰ ਦੀ ਪਾਸਿੰਗ ਵੀ ਨਹੀਂ ਸੀ ਤੇ ਕਾਫੀ ਦਿੱਲੀ,ਯੂਪੀ ਅਤੇ ਹਰਿਆਣਾ ਨੰਬਰ ਵਾਲੀਆਂ ਗੱਡੀਆਂ ਸਨ।
ਕੀ ਕਹਿਣਾ ਹੈ ਐਸਡੀਐਮ ਦਾ ; ਜਦੋਂ ਇਸ ਸਬੰਧੀ ਐਸਡੀਐਮ ਮੈਡਮ ਸੁਰਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਲਈ ਸਾਡੇ ਵੱਲੋਂ ਕੋਈ ਵੀ ਮਨਜੂਰੀ ਨਹੀਂ ਦਿੱਤੀ ਗਈ। ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਪੁੱਡਾ ਦੇ ਐਸਡੀਓ ਦਾ; ਜਦੋਂ ਇਸ ਸਬੰਧੀ ਪੁੱਡਾ ਦੇ ਐਸਡੀਓ ਗੁਰਪ੍ਰੀਤ ਸਿੰਘ ਤੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਪੁੱਡਾ ਦੀ ਜਗ੍ਹਾ ਇਸ ਤਰ੍ਹਾਂ ਨਜਾਇਜ਼ ਤਰੀਕੇ ਨਾਲ ਵਰਤ ਰਹੇ ਹਨ, ਇਹ ਸਾਡੇ ਧਿਆਨ ਵਿੱਚ ਨਹੀਂ ਸੀ। ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਪੁਰਾਣੀਆਂ ਤੇ ਮਿਆਦ ਲੰਘੀਆਂ ਗੱਡੀਆਂ ਵੇਚ ਕੇ ਕਿੰਨਾ ਕੁ ਚਿਰ ਸਰਕਾਰ ਨੂੰ ਚੂਨਾ ਲਗਾਇਆ ਜਾ ਜਾਵੇਗਾ ਜਾਂ ਇਸ ਤੇ ਕੋਈ ਰੋਕਥਾਮ ਲੱਗੇਗੀ ?