
ਧਨੌਲਾ (ਹਿਮਾਂਸ਼ੂ ਗੋਇਲ): ਜ਼ਿਲ੍ਹਾ ਬਰਨਾਲਾ ਦੇ ਨਾਲ਼ ਨਾਲ਼ ਪੂਰੇ ਪੰਜਾਬ ਦੇ ਪ੍ਰਸਿੱਧ ਧਨੌਲਾ ਕਸਬੇ ਵਿੱਚ ਸਥਿਤ ਮਸ਼ਹੂਰ ਦੀਪਕ ਢਾਬੇ ’ਚੋ ਕਥਿਤ ਤੌਰ ਤੇ ਖਾਣ-ਪੀਣ ਦੀ ਸਫ਼ਾਈ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ, ਜਦੋਂ ਇੱਕ ਗਾਹਕ ਨੇ ਆਰਡਰ ਕੀਤੇ ਡੋਸੇ ਵਿੱਚ ਮਰੀ ਹੋਈ ਟਿੱਡੀ ਹੋਣ ਦਾ ਦਾਅਵਾ ਕੀਤਾ ਅਤੇ ਇਸ ਬਾਰੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਵੀਡਿਉ ਵੀ ਬਣਾ ਲਈ, ਇਸ ਮਾਮਲੇ ਦੀ ਪੂਰਾ ਦਿਨ ਚਰਚਾ ਹੁੰਦੀ ਰਹੀ।
ਇਹ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ ਜਦੋਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅੰਕੁਸ਼ ਕੁਮਾਰ ਗੋਇਲ ਆਪਣੇ ਪਰਿਵਾਰ ਨਾਲ ਇਸ ਮਾਰਗ ਤੋਂ ਲੰਘਦਿਆਂ ਢਾਬੇ ‘ਤੇ ਖਾਣਾ ਖਾਣ ਲਈ ਰੁਕੇ ਸਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਦੇ ਪਰਿਵਾਰ ਨੇ ਡੋਸਾ ਆਰਡਰ ਕੀਤਾ ਅਤੇ ਡੋਸਾ ਲਗਭਗ ਅੱਧ ਖਾ ਲੈਣ ਦੇ ਬਾਅਦ, ਆਲੂ ਵਾਲੇ ਹਿੱਸੇ ਵਿੱਚ ਹਰੇ ਰੰਗ ਦੀ ਮਰੀ ਹੋਈ ਟਿੱਡੀ ਮਿਲੀ। ਇਸ ਦੇ ਤੁਰੰਤ ਬਾਅਦ ਢਾਬੇ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਸਬੂਤ ਵਜੋਂ ਵੀਡੀਓ ਵੀ ਤਿਆਰ ਕੀਤੀ ਗਈ।
ਇੰਸਪੈਕਟਰ ਅੰਕੁਸ਼ ਗੋਇਲ ਨੇ ਕਿਹਾ ਕਿ ਉਹਨਾਂ ਨੇ ਇਹ ਮਾਮਲਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ, ਤਾਂ ਜੋ ਉਚਿਤ ਕਾਰਵਾਈ ਹੋ ਸਕੇ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਲੋਕਾਂ ਦੀ ਸਿਹਤ ਨਾਲ ਖੇਡਣ ਦੇ ਬਰਾਬਰ ਹੈ।
ਦੂਜੇ ਪਾਸੇ, ਜਦੋਂ ਢਾਬੇ ਦੇ ਪ੍ਰਬੰਧਕਾਂ ਨਾਲ਼ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਜਵਾਬ ਵਿੱਚ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਅਤੇ ਖਾਦ ਗੁਣਵੱਤਾ ’ਤੇ ਹਮੇਸ਼ਾ ਧਿਆਨ ਦਿੰਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਸਬੰਧਤ ਵਿਭਾਗ ਵੱਲੋਂ ਖੁਰਾਕ ਦੇ ਸੈਂਪਲ ਲਏ ਗਏ ਹਨ ਅਤੇ ਢਾਬੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਢਾਬਾ ਮਾਲਕਾਂ ਨੇ ਸੰਭਾਵਨਾ ਜਤਾਈ ਹੈ ਕਿ ਇਹ ਉਨ੍ਹਾਂ ਦੀ ਛਵੀ ਖਰਾਬ ਕਰਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ, ਪਰ ਪੂਰਾ ਮਾਮਲਾ ਜਾਂਚ ਤੋਂ ਬਾਅਦ ਹੀ ਲੱਗ ਸਕਦਾ ਹੈ।
ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਚਰਚਾ ਵਿੱਚ ਹੈ। ਇਸ ਸਬੰਧੀ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਨਾਲ਼ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਵੀ ਦੀਪਕ ਢਾਬੇ ਦਾ ਸਮੱਰਥਨ ਕਰਦਿਆਂ ਕਥਿਤ ਇਸ ਦਾ ਨਾਮ ਖਰਾਬ ਕਰਨ ਦਾ ਖਦਸਾ ਪ੍ਰਗਟ ਕੀਤਾ ਗਿਆ।