
ਹੰਡਿਆਇਆ-(ਰਾਕੇਸ਼ ਜੇਠੀ)-ਲਗਾਤਾਰ ਪੈ ਰਹੀ ਬਰਸਾਤ ਹਰ ਤਬਕੇ ਦੇ ਲੋਕਾਂ ਲਈ ਆਫਤ ਬਣਦੀ ਜਾ ਰਹੀ ਹੈ ਪਿਛਲੇ ਰਾਤ ਪਈ ਬਰਸਾਤ ਕਾਰਨ ਸੈਦੋਪਤੀ ਦੇ ਇੱਕ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਕਮਰਿਆਂ ਵਿੱਚ ਰੱਖੇ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੁਰਜੀਤ ਸਿੰਘ ਬੋਗੜ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸੁਖਵਿੰਦਰ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਵਾਰਡ ਨੰਬਰ 5, ਹੰਡਿਆਇਆ ਦੇ ਘਰ ਵਿੱਚ ਕਾਫੀ ਤਰੇੜਾਂ ਆ ਗਈਆਂ ਸਨ। ਜਿਸ ਕਾਰਨ ਉਸ ਨੇ ਇਕ ਸਤੰਬਰ ਨੂੰ ਘਰ ਵਿੱਚੋਂ ਸਮਾਨ ਚੁੱਕ ਕੇ ਘਰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਸੀ ਪਰੰਤੂ ਬੀਤੀ ਰਾਤ ਦੋ ਸਤੰਬਰ ਨੂੰ ਪਈ ਬਰਸਾਤ ਨੇ ਘਰ ਦੀਆਂ ਛੱਤਾਂ ਨੂੰ ਗਿਰਾ ਕੇ ਘਰ ਨੂੰ ਖੰਡਰ ਰੂਪ ਵਿੱਚ ਬਦਲ ਦਿੱਤਾ। ਜਿਸ ਨਾਲ ਘਰ ਅੰਦਰ ਪਿਆ ਸਮਾਨ ਨੁਕਸਾਨਿਆ ਗਿਆ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਵ ਰਿਹਾ। ਉਹਨਾਂ ਦੱਸਿਆ ਕਿ ਸੁਖਵਿੰਦਰ ਸਿੰਘ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਦਾ ਹੈ ਤੇ ਘਰ ਦੀ ਛੱਤ ਡਿੱਗਣ ਨਾਲ ਕਾਫੀ ਨੁਕਸਾਨ ਹੋ ਗਿਆ ਹੈ।
ਇਸ ਮੌਕੇ ਸੁਰਜੀਤ ਸਿੰਘ ਦੇ ਨਾਲ ਵਾਰਡ ਦੇ ਸਾਬਕਾ ਕੌਂਸਲਰ ਜਰਨੈਲ ਕੌਰ, ਗੁਰਜੀਤ ਕੌਰ, ਬਲਵਿੰਦਰ ਕੌਰ, ਸ਼ਿੰਗਾਰਾ ਸਿੰਘ, ਬਿੰਦਰ ਸਿੰਘ ਤੇ ਬੱਬੂ ਸਿੰਘ ਨੇ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਇਸ ਪਰਿਵਾਰ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।