
ਬਰਨਾਲਾ, 28 ਅਗਸਤ(ਹਿਮਾਂਸ਼ੂ ਗੋਇਲ):-ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਪਿੰਡਾਂ ਵਿਚ ਨੀਵੀਆਂ ਥਾਵਾਂ ‘ਤੇ ਪਾਣੀ ਖੜ੍ਹਨ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੇ ਨਿਰਦੇਸ਼ਾਂ ਤਹਿਤ ਫੀਲਡ ਵਿੱਚ ਸਰਗਰਮ ਹਨ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਾਰੇ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੇ ਨਮੂਨੇ ਲੈ ਕੇ ਵਿਭਾਗ ਦੀ ਲੈਬ ਵਿੱਚ ਟੈਸਟਿੰਗ ਕੀਤੀ ਜਾ ਰਹੀ ਹੈ। ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਜਲ ਸਪਲਾਈ ਦੇ ਸੈਨੀਟੇਸ਼ਨ ਵਿਭਾਗ ਵਲੋਂ ਪਿੰਡਾਂ ਵਿਚੋਂ ਰੋਜ਼ਾਨਾ ਪੱਧਰ ‘ਤੇ ਪਾਣੀ ਦੇ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਰਹੀ ਹੈ। ਕੱਲ੍ਹ ਬਰਨਾਲਾ ਬਲਾਕ ਵਿੱਚ ਨਾਈਵਾਲ, ਹਮੀਦੀ, ਕਾਲੇਕੇ, ਪੰਧੇਰ, ਸ਼ਹਿਣਾ ਬਲਾਕ ਵਿੱਚ ਪੱਖੋ ਕੇ, ਪੱਖੋ ਕਲਾਂ, ਸੰਧੂ ਕਲਾਂ, ਮਹਿਲ ਕਲਾਂ ਬਲਾਕ ਵਿੱਚ ਸਹਿਜੜਾ, ਸੱਦੋਵਾਲ, ਅਮਲਾ ਸਿੰਘ ਵਾਲਾ, ਭੱਦਲਵੱਢ ਆਦਿ ਪਿੰਡਾਂ ਵਿਚ ਟੈਸਟਿੰਗ ਕੀਤੀ ਗਈ। ਓਨ੍ਹਾਂ ਦੱਸਿਆ ਕਿ ਅੱਜ ਵੀ ਵਿਭਾਗ ਦੀਆਂ ਟੀਮਾਂ ਵਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਪਾਣੀ ਦੇ ਨਮੂਨੇ ਲਏ ਜਾ ਰਹੇ ਹਨ।