
ਥਾਣਾ ਧਨੌਲਾ ਦਾ ਇੰਸਪੈਕਟਰ ਲਖਵੀਰ ਸਿੰਘ ਨੇ ਸੰਭਾਲਿਆ ਚਾਰਜ, ਕਿਹਾ – ਨਸ਼ਾ ਤਸਕਰ ਬਖ਼ਸ਼ੇ ਨਹੀਂ ਜਾਣਗੇ
ਧਨੌਲਾ, 18 ਅਗਸਤ (ਹਿਮਾਂਸ਼ੂ ਗੋਇਲ):
ਇੰਸਪੈਕਟਰ ਲਖਵੀਰ ਸਿੰਘ ਨੇ ਥਾਣਾ ਧਨੌਲਾ ਦੇ ਇੰਚਾਰਜ ਵਜੋਂ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਦੇ ਹੀ ਉਨ੍ਹਾਂ ਨੇ ਅੱਜ ਮੀਡੀਆ ਨਾਲ ਵਿਸ਼ੇਸ਼ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਨਸ਼ੇ ਦੇ ਵਪਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਨੂੰ ਹੋਰ ਵੀ ਜ਼ੋਰਦਾਰ ਢੰਗ ਨਾਲ ਅਮਲ ਵਿਚ ਲਿਆਉਣ ਲਈ ਪੁਲਿਸ ਵਚਨਬੱਧ ਹੈ। ਇੰਸਪੈਕਟਰ ਲਖਵੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਖ਼ਿਲਾਫ਼ ਚੱਲ ਰਹੀ ਇਸ ਲੜਾਈ ਵਿਚ ਉਹ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਉਨ੍ਹਾਂ ਨੇ ਕਿਹਾ, “ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ, ਤਾਂ ਅਸੀਂ ਉਸਨੂੰ ਪੂਰਾ ਸਹਿਯੋਗ ਤੇ ਸਾਥ ਦਿਆਂਗੇ। ਸਾਡਾ ਮਕਸਦ ਕੇਵਲ ਕਾਨੂੰਨ-ਵਿਵਸਥਾ ਬਰਕਰਾਰ ਰੱਖਣਾ ਨਹੀਂ, ਸਗੋਂ ਸਮਾਜ ਨੂੰ ਨਸ਼ੇ ਦੀ ਲਾਨਤ ਤੋਂ ਮੁਕਤ ਕਰਵਾਉਣਾ ਵੀ ਹੈ।”
ਇੰਸਪੈਕਟਰ ਨੇ ਇਹ ਵੀ ਕਿਹਾ ਕਿ ਜੇ ਕਿਸੇ ਵੀ ਸ਼ਹਿਰੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਜਾਂ ਸ਼ਿਕਾਇਤ ਹੈ, ਤਾਂ ਉਹ ਕਿਸੇ ਵੀ ਸਮੇਂ ਥਾਣਾ ਧਨੌਲਾ ਵਿਚ ਆ ਕੇ ਉਨ੍ਹਾਂ ਨਾਲ ਰਾਬਤਾ ਕਰ ਸਕਦਾ ਹੈ। ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।
ਇਹ ਵੀ ਦੱਸਣਯੋਗ ਹੈ ਕਿ ਇੰਸਪੈਕਟਰ ਲਖਵੀਰ ਸਿੰਘ ਪਹਿਲਾਂ ਵੀ ਦੋ ਵਾਰ ਥਾਣਾ ਧਨੌਲਾ ਦੇ ਇੰਚਾਰਜ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਮੰਡੀ ਖੇਤਰ ਵਿੱਚ ਉਨ੍ਹਾਂ ਦੇ ਕੰਮਾਂ ਦੀ ਕਾਫੀ ਸਰਾਹਣਾ ਹੋਈ ਸੀ। ਇਸ ਕਰਕੇ ਉਨ੍ਹਾਂ ਦੀ ਮੁੜ ਤਾਇਨਾਤੀ ਨੂੰ ਲੈ ਕੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ।