
ਸੀਵਰੇਜ ਦੇ ਪਾਣੀ ਤੋਂ ਦੁਖੀ ਪ੍ਰੇਮ ਨਗਰ ਨਿਵਾਸੀਆਂ ਨੇ ਵਿਧਾਇਕ ਢਿੱਲੋ ਦੀ ਹਾਜਰੀ ਚ ਕੀਤਾ ਰੋਡ ਜਾਮ
ਪ੍ਰਸ਼ਾਸਨ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ
ਬਰਨਾਲਾ/ਬਲਵਿੰਦਰ ਅਜ਼ਾਦ: ਸਥਾਨਕ ਪ੍ਰੇਮ ਨਗਰ ਇਲਾਕੇ ਵਿੱਚ ਸੀਵਰੇਜ ਸਿਸਟਮ ਦੇ ਫੇਲ ਹੋਣ ਕਾਰਨ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਦੁਸ਼ਵਾਰ ਕਰ ਦਿੱਤੀ ਹੈ। ਮਾਮਲਾ ਤਾਂ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਵਾਰਡ ਵਾਸੀਆਂ ਨੇ ਗੁੱਸੇ ਵਿਚ ਆ ਕੇ ਧਨੌਲਾ ਰੋਡ ਨੂੰ ਜਾਮ ਕਰ ਦਿੱਤਾ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸੀਵਰੇਜ ਬੋਰਡ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜਤਾਇਆ।ਜਾਣਕਾਰੀ ਅਨੁਸਾਰ, ਪਿਛਲੇ ਕੁਝ ਦਿਨਾਂ ਤੋਂ ਸੀਵਰੇਜ ਬੋਰਡ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ, ਜਿਸ ਕਾਰਨ ਬਰਨਾਲਾ ਦੇ ਕਈ ਵਾਰਡਾਂ ‘ਚ ਸੀਵਰੇਜ ਦੀ ਸੇਵਾ ਠੱਪ ਹੋ ਗਈ ਹੈ। ਇਸਦੇ ਚਲਦੇ ਗੰਦਾ ਪਾਣੀ ਸੜਕਾਂ ਤੇ ਆ ਗਿਆ ਹੈ ਅਤੇ ਲੋਕਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਇਲਾਕੇ ਵਿੱਚ ਸਿਹਤ ਸੰਬੰਧੀ ਚਿੰਤਾਵਾਂ ਵੀ ਵਧ ਗਈਆਂ ਹਨ।
ਧਰਨੇ ਦੌਰਾਨ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਆਪ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਹਰ ਮੋਰਚੇ ‘ਤੇ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਚੰਗੇ ਦਿਨਾਂ ਦੇ ਸੁਪਨੇ ਵਿਖਾ ਕੇ ਸਰਕਾਰ ਬਣਾਈ ਗਈ ਸੀ, ਪਰ ਹੁਣ ਲੋਕਾਂ ਦੀ ਕਿਸੇ ਵੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਮਹੇਸ਼ ਕੁਮਾਰ ਲੋਟਾ, ਬਲਕਾਰ ਸਿੰਘ, ਗਿਰਧਰ ਮਿੱਤਲ, ਸੁਰਜੀਤ ਸਿੰਘ ਕਾਲੂ,ਬਲਦੇਵ ਸਿੰਘ ਭੁੱਚਰ, ਕਾਕਾ ਸਿੰਘ,ਮਹਿੰਦਰ ਸਿੰਘ, ਹਨੀ ਸ਼ਰਮਾ, ਗੁਰਪ੍ਰੀਤ ਸਿੰਘ, ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਵਾਰਡ ਵਾਸੀ ਮੌਜੂਦ ਸਨ।