
ਅਮਰਗੜ੍ਹ,26 ਜੁਲਾਈ (ਸੁਖਵਿੰਦਰ ਸਿੰਘ ਅਟਵਾਲ)-ਜਦੋਂ ਕਿਸੇ ਦੇ ਬੁਢਾਪੇ ਦੀ ਡੰਗੋਰੀ ਇਕੋ ਇਕ ਪੁੱਤ ਹੋਵੇ ਤੇ ਉਹ ਵੀ ਜਵਾਨੀ ਵਿੱਚ ਪੈਰ ਧਰਦਿਆਂ ਹੀ ਇਸ ਦੁਨੀਆ ਤੋਂ ਸਦਾ ਲਈ ਰੁਖ਼ਸਤ ਹੋ ਜਾਵੇ ਤਾਂ ਅਜਿਹੇ ਵਿੱਚ ਇੱਕ ਮਾਂ ਦੇ ਦਿਲ ‘ਤੇ ਕੀ ਗੁਜ਼ਰਦੀ ਹੋਵੇਗੀ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਵੀ ਬੇਹਦ ਮੁਸ਼ਕਿਲ ਹੈ। ਅਜਿਹੀ ਹੀ ਇੱਕ ਘਟਨਾ ਦੋ ਸਾਲ ਪਹਿਲਾਂ ਵਾਪਰੀ ਜਦੋਂ ਅਮਰਗੜ੍ਹ ਦੀ ਰਹਿਣ ਵਾਲੀ ਅਵਿਨਾਸ਼ ਕੌਰ ਦਾ ਇਕਲੌਤਾ ਪੁੱਤ ਭਵਰਜੀਤ ਸਿੰਘ ਬਨੀ ਇੱਕ ਸੜਕ ਦੁਰਘਟਨਾ ‘ਚ ਆਪਣੀ ਮਾਂ ਨੂੰ ਇਕੱਲੇ ਛੱਡ ਹਮੇਸ਼ਾ ਲਈ ਉਥੇ ਚਲਾ ਗਿਆ,ਜਿੱਥੋਂ ਕਦੇ ਕੋਈ ਵਾਪਸ ਨਹੀਂ ਮੁੜਦਾ। ਹੁਣ ਅਪਣੇ ਨੌਜਵਾਨ ਪੁੱਤ ਦੀਆਂ ਯਾਦਾਂ ਨੂੰ ਆਪਣੇ ਦਿਲ ਵਿੱਚ ਤਾਜ਼ਾ ਰੱਖਣ ਲਈ ਅਵਿਨਾਸ਼ ਕੌਰ ਵੱਲੋਂ ਉਸ ਦੇ ਸ਼ੌਂਕ ਜਿਉਂਦੇ ਰੱਖੇ ਜਾ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਵ. ਬਨੀ ਦੀ ਮਾਂ ਅਵਿਨਾਸ਼ ਕੌਰ ਨੇ ਦੱਸਿਆ ਕਿ ਉਸ ਦਾ ਪੁੱਤ ਬਜ਼ੁਰਗਾਂ,ਪਸ਼ੂ,ਪੰਛੀਆਂ ਤੇ ਕੁਦਰਤ ਨੂੰ ਬੇਹਦ ਪਿਆਰ ਕਰਦਾ ਸੀ ‘ਤੇ ਅੱਜ ਉਸਦੇ ਜਨਮ ਦਿਨ ਮੌਕੇ ਵਾਤਾਵਰਨ ਪ੍ਰੇਮੀ ਅਤੇ ਪੰਛੀਆਂ ਦੀ ਸੰਭਾਲ ਲਈ ਪਿਛਲੇ ਲੰਮੇਂ ਸਮੇਂ ਤੋਂ ਸਰਗਰਮ ਨੌਜਵਾਨ ਸੰਦੀਪ ਧੌਲਾ ਦੇ ਸਹਿਯੋਗ ਨਾਲ ਪੰਛੀਆਂ ਲਈ ਰਹਿਣ ਬਸੇਰੇ (ਆਲ੍ਹਣੇ)ਦਰਖਤਾਂ ਅਤੇ ਘਰਾਂ ਵਿੱਚ ਲਗਾਉਣ ਦਾ ਉਪਰਾਲਾ ਕੀਤਾ ਹੈ। ਅਵਿਨਾਸ਼ ਕੌਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਅਤੇ ਕੌਂਸਲਰ ਹਰਸ਼ ਸਿੰਗਲਾ ਨੇ ਕਿਹਾ ਕਿ ਹੋਰਨਾਂ ਲੋਕਾਂ ਨੂੰ ਵੀ ਇਹਨਾਂ ਤੋਂ ਸੇਧ ਲੈ ਕੇ ਬੇਜ਼ੁਬਾਨ ਪਸ਼ੂ ਪਰਿੰਦਿਆਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਉੱਪਰ ਰਹਿਣ ਦਾ ਪੰਛੀ ਪੰਖੇਰੂਆਂ ਦਾ ਵੀ ਇਨਸਾਨ ਜਿਨ੍ਹਾਂ ਹੀ ਹੱਕ ਇਸ ਲਈ ਸਾਨੂੰ ਜੀਓ ਤੇ ਜੀਣ ਦਿਓ ਦੇ ਸਿਧਾਂਤ ਨੂੰ ਅਪਣਾਉਣ ਦੀ ਲੋੜ ਹੈ। ਇਸ ਮੌਕੇ ਡਾ.ਕਰਨ ਸ਼ਰਮਾ,ਜੋਤ ਸੋਮਲ, ਸੁੱਖੀ ਫਰੀਦਪੁਰੀਆ,ਬੇਅੰਤ ਸਿੰਘ ਅਤੇ ਸਵਰਗਵਾਸੀ ਬਨੀ ਦੇ ਦੋਸਤ ਅਮਿਤ,ਯਸ਼,ਅਰਮਾਨ ਅਤੇ ਹਿਮਾਸ਼ੂ ਮੌਜੂਦ ਸਨ।