

ਡਰੈਗਨ ਫਰੂਟ ਦੀ ਕਾਸ਼ਤ ਨਾਲ ਚੋਖੀ ਕਮਾਈ ਕਰ ਰਿਹੈ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ
4 ਏਕੜ ਰਕਬੇ ਵਿੱਚ ਕਰਦਾ ਹੈ ਡਰੈਗਨ ਦੀ ਕਾਸ਼ਤ, ਇਕ ਏਕੜ ਵਿਚ ਸ਼ੇਡ ਨੈੱਟ ਹਾਊਸ ਦਾ ਸਫਲ ਤਜਰਬਾ
ਨਾਲੇ ਪਾਣੀ ਦੀ ਬੱਚਤ, ਨਾਲੇ 12 ਲੱਖ ਰੁਪਏ ਸਾਲਾਨਾ ਆਮਦਨ
ਬਰਨਾਲਾ, 12 ਜੁਲਾਈ
ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ ਜਿੱਥੇ ਡਰੈਗਨ ਫਰੂਟ ਦੀ ਕਾਸ਼ਤ ਨਾਲ ਚੋਖੀ ਕਮਾਈ ਕਰ ਰਿਹਾ ਹੈ, ਓਥੇ ਇਸ ਫਸਲ ਨੂੰ ਨਾਮਾਤਰ ਪਾਣੀ ਦੀ ਲੋੜ ਹੋਣ ਕਰਕੇ ਪਾਣੀ ਦੇ ਰਾਖੇ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਿਹਾ ਹੈ।
ਪਿੰਡ ਠੁੱਲੇਵਾਲ ਵਾਸੀ ਸਤਨਾਮ ਸਿੰਘ ਪੁੱਤਰ ਹਰਬੰਤ ਸਿੰਘ ਨੇ ਦੱਸਿਆ ਕਿ ਉਹ 4 ਏਕੜ ਰਕਬੇ ਵਿੱਚ ਡਰੈਗਨ ਦੀ ਕਾਸ਼ਤ ਕਰਦਾ ਹੈ। ਸਤਨਾਮ ਸਿੰਘ ਨੇ ਡਰੈਗਨ ਦੀ ਕਾਸ਼ਤ ਸਾਲ 2016 ਵਿੱਚ ਗੁਜਰਾਤ ਦੇ ਕਿਸਾਨਾਂ ਤੋਂ ਪ੍ਰਭਾਵਿਤ ਹੋ ਕੇ 2 ਕਨਾਲ ਰਕਬੇ ਵਿੱਚ ਸ਼ੁਰੂ ਕੀਤੀ ਸੀ।
ਓਸਨੇ ਤਿੰਨ ਏਕੜ ਰਕਬੇ ਵਿੱਚ ਖੁੱਲ੍ਹੇ ਵਿੱਚ ਪੋਲ ਲਗਾ ਕੇ ਡਰੈਗਨ ਲਗਾਏ ਹੋਏ ਹਨ, ਜਦਕਿ ਇਕ ਏਕੜ ਵਿਚ ਕਰੀਬ ਢਾਈ ਸਾਲ ਪਹਿਲਾਂ ਸ਼ੇਡ ਨੈੱਟ ਹਾਊਸ ਹੇਠ ਡਰੈਗਨ ਦੀ ਕਾਸ਼ਤ ਸ਼ੁਰੂ ਕੀਤਾ ਤਾਂ ਜੋ ਫ਼ਸਲ ਨੂੰ ਜਿਆਦਾ ਗਰਮੀ ਅਤੇ ਜਿਆਦਾ ਸਰਦੀ ਤੋਂ ਬਚਾਇਆ ਜਾ ਸਕੇ।
ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਸ਼ੇਡ ਨੈੱਟ ਹਾਊਸ ਵਿਚ ਡਰੈਗਨ ਦਾ ਤਜਰਬਾ ਕਰਨ ਵਾਲੇ ਜ਼ਿਲ੍ਹੇ ਦੇ ਪਹਿਲੇ ਕਿਸਾਨ ਹਨ ਜਿਨ੍ਹਾਂ ਦਾ ਇਹ ਤਜਰਬਾ ਬੜਾ ਹੀ ਸਫਲ ਰਿਹਾ। ਸ਼ੇਡ ਨੈੱਟ ਹਾਊਸ ਵਿਚ ਡਰੈਗਨ ਦੀ ਫ਼ਸਲ ਦਾ ਝਾੜ ਵਧੀਆ ਮਿਲਦਾ ਹੈ ਅਤੇ ਫਲ ਦਾ ਆਕਾਰ ਵੱਡਾ ਹੁੰਦਾ ਹੈ।
ਓਸਨੇ ਆਖਿਆ ਕਿ ਇਕ ਏਕੜ ਰਕਬੇ ਵਿੱਚ ਇਕ ਸੀਜ਼ਨ ਦੌਰਾਨ ਡਰੈਗਨ ਦਾ ਲਗਪਗ 40 ਕੁਇੰਟਨ ਉਤਪਾਦਨ ਹੁੰਦਾ ਹੈ ਜਦਕਿ ਸ਼ੇਡ ਨੈੱਟ ਹਾਊਸ ਵਿਚ ਝਾੜ ਇਸ ਤੋਂ ਜਿਆਦਾ ਹੁੰਦਾ ਹੈ। ਡਰੈਗਨ ਮੰਡੀ ਵਿੱਚ 150 ਤੋਂ 250 ਰੁਪਏ ਕਿੱਲੋ ਵਿਕਦਾ ਹੈ ਅਤੇ ਉਹ 4 ਏਕੜ ਵਿੱਚੋਂ ਖਰਚੇ ਕੱਢ ਕੇ ਕਰੀਬ 12 ਲੱਖ ਰੁਪਏ ਸਾਲਾਨਾ ਕਮਾਈ ਕਰ ਲੈਂਦੇ ਹਨ। ਓਹਨਾਂ ਦੱਸਿਆ ਕਿ 2 ਸਾਲ ਦੀ ਉਮਰ ਵਿੱਚ ਇਹ ਫ਼ਸਲ ਪੂਰਾ ਝਾੜ ਦੇਣਾ ਸ਼ੁਰੂ ਕਰ ਦਿੰਦੀ ਹੈ ਅਤੇ ਜੁਲਾਈ ਤੋਂ ਨਵੰਬਰ ਤਕ ਤੁੜਾਈ ਚੱਲਦੀ ਹੈ। ਇਸ ਦਾ ਮੁਨਾਫ਼ਾ ਕਣਕ – ਝੋਨੇ ਨਾਲੋਂ ਕਈ ਗੁਣਾ ਵੱਧ ਹੁੰਦਾ ਹੈ।
ਉਨ੍ਹਾਂ ਆਖਿਆ ਕਿ ਉਹ ਆਪਣੇ ਫਾਰਮ ’ਤੇ ਅਮਰੀਕਨ ਬਿਊਟੀ ਕਿਸਮ ਦੀ ਕਾਸ਼ਤ ਕਰ ਰਹੇ ਹਨ ਅਤੇ ਆਪਣੀ ਫਸਲ ਮਾਨਸਾ, ਬਠਿੰਡਾ, ਲੁਧਿਆਣਾ, ਚੰਡੀਗੜ੍ਹ ਸਮੇਤ ਹੋਰ ਜ਼ਿਲ੍ਹਿਆਂ ਵਿੱਚ 10- 10 ਕਿਲੋ ਦੀ ਪੈਕਿੰਗ ਹੇਠ “ਡਰੈਗਨ ਫਾਰਮ ਠੁੱਲੇਵਾਲ” ਨਾਮ ਹੇਠ ਵੇਚਦੇ ਹਨ।
ਓਹਨਾਂ ਕਿਹਾ ਕਿ ਇਹ ਇਸ ਖਿੱਤੇ ਵਿੱਚ ਪਾਣੀ ਦਾ ਪੱਧਰ ਕਾਫੀ ਹੇਠਾਂ ਹੋਣ ਕਰਕੇ ਓਹਨਾਂ ਨੇ ਇਹ ਫ਼ਸਲ ਦਾ ਤਜਰਬਾ ਕਰਨ ਦ ਸੋਚਿਆ ਸੀ ਕਿਉੰਕਿ ਡਰੈਗਨ ਫਰੂਟ ਨੂੰ ਝੋਨੇ ਦੇ ਮੁਕਾਬਲੇ ਮਾਮੂਲੀ ਪਾਣੀ ਦੀ ਲੋੜ ਪੈਂਦੀ ਹੈ। ਓਹ ਸਾਲ ਵਿਚ ਸਿਰਫ 4 ਵਾਰ ਫਸਲ ਨੂੰ ਪਾਣੀ ਦਿੰਦੇ ਹਨ, ਉਹ ਵੀ ਤੁਪਕਾ ਸਿੰਜਾਈ ਵਿਧੀ ਨਾਲ।
ਕਿਸਮ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਫਸਲ ਦੇ ਖਰਚੇ ਬਹੁਤ ਘੱਟ ਹਨ, ਕਿਉੰਕਿ ਨਾ ਹੀ ਬਹੁਤੇ ਪਾਣੀ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਕੀਟਨਾਸ਼ਕ ਆਦਿ ਦੀ। ਓਹ ਆਪਣੇ ਘਰ ਵਿਚ ਲੱਗੇ ਗੋਬਰ ਬਾਇਓਗੈਸ ਪਲਾਂਟ ਦੀ ਰਹਿੰਦ ਖੂੰਹਦ ਦਾ ਛਿੜਕਾਅ ਖਾਧ ਵਜੋਂ ਕਰਦੇ ਹਨ ਜੋਕਿ ਜੈਵਿਕ ਅਤੇ ਲਾਹੇਵੰਦ ਹੈ।
ਓਹਨਾਂ ਦੱਸਿਆ ਕਿ ਓਹਨਾਂ ਨੇ ਤੁਪਕਾ ਸਿੰਜਾਈ ਸਿਸਟਮ ਲਈ ਭੂਮੀ ਰੱਖਿਆ ਵਿਭਾਗ ਬਰਨਾਲਾ ਰਾਹੀਂ 80 ਫੀਸਦੀ ਸਬਸਿਡੀ ਲਈ ਸੀ ਅਤੇ ਸ਼ੇਡ ਨੈੱਟ ਹਾਊਸ ‘ਤੇ ਬਾਗਬਾਨੀ ਵਿਭਾਗ ਬਰਨਾਲਾ ਤੋਂ 50 ਫੀਸਦੀ ਸਬਸਿਡੀ ਲਈ ਜਿਸ ਵਿਚ ਓਸਨੂੰ ਕਰੀਬ 14 ਲੱਖ ਰੁਪਏ ਸਬਸਿਡੀ ਪ੍ਰਾਪਤ ਹੋਈ। ਓਸਨੇ ਸ਼ੇਡ ਨੈੱਟ ਹਾਊਸ ਵਿਚ ਖੀਰੇ ਦੀ ਫਸਲ ਨਾਲ ਸ਼ੁਰੂਆਤ ਕੀਤੀ ਸੀ ਜਿਸ ਉੱਤੇ ਵੀ ਓਸਨੂੰ ਸਬਸਿਡੀ ਪ੍ਰਾਪਤ ਹੋਈ ਸੀ।
ਇਸ ਤੋਂ ਇਲਾਵਾ ਉਹ ਸਾਲ ਭਰ ਡਰੈਗਨ ਫ਼ਰੂਟ ਦੀ ਪਨੀਰੀ ਵੀ ਤਿਆਰ ਕਰਕੇ ਵੇਚਦੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਆਮਦਨ ਹੁੰਦੀ ਹੈ। ਓਹਨਾਂ ਦੱਸਿਆ ਕਿ ਇਕ ਬੂਟਾ ਕਰੀਬ 50 ਤੋਂ 60 ਰੁਪਏ ਤਕ ਵਿਕਦਾ ਹੈ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਹਿਮਾਚਲ, ਰਾਜਸਥਾਨ, ਯੂਪੀ ਵਿਚ ਵੀ ਓਹਨਾਂ ਦੇ ਪੌਦੇ ਜਾਂਦੇ ਹਨ।
ਸਤਨਾਮ ਸਿੰਘ ਨੇ ਦੱਸਿਆ ਕਿ ਡਰੈਗਨ ਦੀ ਖੇਤੀ ਇੱਕ ਵਾਰ ਲਗਾਉਣ ਵਾਲੀ ਫ਼ਸਲ ਹੈ ਅਤੇ ਪੌਦਿਆਂ ਦੇ ਦਰਮਿਆਨ ਲਗਭਗ ਅੱਧਾ ਕਿੱਲਾ ਖਾਲੀ ਰਹਿੰਦਾ ਹੈ ਜਿਸ ਵਿੱਚ ਉਹ ਸਬਜ਼ੀਆਂ, ਹਲਦੀ ਆਦਿ ਦੀ ਇੰਟਰ ਕਰਾਪਿੰਗ ਕਰਦੇ ਹਨ, ਜਿਸ ਨਾਲ ਵਾਧੂ ਮੁਨਾਫ਼ਾ ਮਿਲਦਾ ਹੈ।
ਓਹਨਾਂ ਦੱਸਿਆ ਕਿ ਡਰੈਗਨ ਲਗਾਉਣ ਨਾਲ ਉਨ੍ਹਾਂ ਨੂੰ ਕਣਕ ਝੋਨੇ ਦੇ ਫ਼ਸਲ ਚੱਕਰ ਤੋਂ ਛੁਟਕਾਰਾ ਮਿਲਿਆ ਹੈ ਅਤੇ ਪਾਣੀ ਦੀ ਖ਼ਪਤ ਘਟੀ ਤੇ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਆਇਆ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਬਰਨਾਲਾ ਮਲਕੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਫਲਦਾਰ ਬੂਟਿਆਂ ਦੇ ਨਵੇਂ ਬਾਗਾਂ ਉੱਤੇ 50 ਫੀਸਦੀ ਸਬਸਿਡੀ ਅਤੇ ਸ਼ੇਡ ਨੈੱਟ ਹਾਊਸ ਉੱਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਸਤਨਾਮ ਸਿੰਘ ਜ਼ਿਲ੍ਹੇ ਦੇ ਕਿਸਾਨਾਂ ਲਈ ਬਣਿਆ ਮਿਸਾਲ: ਡਿਪਟੀ ਕਮਿਸ਼ਨਰ



