

ਸੀ-ਪਾਈਟ ਕੈਂਪ ਬੋੜਾਵਾਲ ਵਿਚ ਆਰਮੀ ਅਗਨੀਵੀਰ ਭਰਤੀ ਦੇ ਫਿਜ਼ੀਕਲ ਟੈਸਟ ਲਈ ਮੁਫ਼ਤ ਸਿਖਲਾਈ
ਬਰਨਾਲਾ, 8 ਜੁਲਾਈ(ਹਿਮਾਂਸ਼ੂ ਗੋਇਲ)
ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ (ਭੀਖੀ-ਬੁਢਲਾਡਾ ਰੋਡ) ਵਿਖੇ ਆਰਮੀ ਅਗਨੀਵੀਰ ਭਰਤੀ ਰੈਲੀ (ਏ.ਆਰ.ਓ. ਪਟਿਆਲਾ) ਦੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਵਿਸ਼ੇਸ਼ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਬੋੜਾਵਾਲ ਦੇ ਸਿਖਲਾਈ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਜਿਨ੍ਹਾਂ ਨੌਜਵਾਨਾਂ ਨੇ ਏ.ਆਰ.ਓ. ਪਟਿਆਲਾ ਦੀ ਆਰਮੀ ਅਗਨੀਵੀਰ ਭਰਤੀ ਦਾ ਲਿਖਤੀ ਪੇਪਰ ਦਿੱਤਾ ਹੋਇਆ ਹੈ, ਉਹ ਕੈਂਪ ਵਿੱਚ ਆ ਕੇ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਏ.ਆਰ.ਓ. ਪਟਿਆਲਾ ਦੀ ਭਰਤੀ ਦਾ ਫਿਜ਼ੀਕਲ ਟੈਸਟ 30 ਜੁਲਾਈ ਤੋਂ 10 ਅਗਸਤ 2026 ਤੱਕ ਕਰਵਾਇਆ ਜਾ ਰਿਹਾ ਹੈ। ਇਸ ਲਈ ਸ਼ਰਤਾਂ ਪੂਰੀਆਂ ਕਰਨ ਵਾਲੇ ਚਾਹਵਾਨ ਅਤੇ ਯੋਗ ਨੌਜਵਾਨ ਮਿਤੀ 10 ਜੁਲਾਈ 2026 ਤੋਂ ਕਿਸੇ ਵੀ ਦਿਨ ਸਵੇਰੇ 9:00 ਵਜੇ ਨਿੱਜੀ ਤੌਰ ‘ਤੇ ਸੀ-ਪਾਈਟ ਕੈਂਪ, ਬੋੜਾਵਾਲ ਵਿਖੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ। ਰਜਿਸਟ੍ਰੇਸ਼ਨ ਮੌਕੇ ਨੌਜਵਾਨਾਂ ਲਈ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਲਿਆਉਣੇ ਲਾਜ਼ਮੀ ਹਨ, ਜਿਨ੍ਹਾਂ ਵਿੱਚ ਦਸਵੀਂ ਦੇ ਸਰਟੀਫਿਕੇਟ, ਆਨਲਾਈਨ ਅਪਲਾਈ ਕੀਤੇ ਫਾਰਮ ਜਾਂ ਐਡਮਿਟ ਕਾਰਡ, ਆਧਾਰ ਕਾਰਡ, ਅਤੇ ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਦੇ ਨਾਲ-ਨਾਲ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਸ਼ਾਮਲ ਹਨ।
ਸਿਖਲਾਈ ਅਧਿਕਾਰੀ ਨੇ ਅੱਗੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਲੈਣ ਲਈ ਨੌਜਵਾਨ ਮੋਬਾਈਲ ਨੰਬਰ 98148-50214 ਅਤੇ 98760-11130 ‘ਤੇ ਸੰਪਰਕ ਕਰ ਸਕਦੇ ਹਨ।


