

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਸ਼ੋਅ ਦੀ ਸ਼ਾਨਦਾਰ ਸ਼ੁਰੂਆਤ
ਪਿੰਡ ਕਰਮਗੜ੍ਹ ਅਤੇ ਨੰਗਲ ਵਿਚ ਦਿਖਾਈ ਗਈ ਦਸਤਾਵੇਜ਼ੀ, ਸੰਗਤ ਵਲੋਂ ਭਰਵਾਂ ਹੁੰਗਾਰਾ
ਬਰਨਾਲਾ, 8 ਜੁਲਾਈ(ਹਿਮਾਂਸ਼ੂ ਗੋਇਲ)
ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਦਾ ਸੰਦੇਸ਼ ਪਹੁੰਚਾਉਣ ਲਈ ਦਸਤਾਵੇਜ਼ੀ ਸ਼ੋਅ ਆਰੰਭ ਕੀਤੇ ਗਏ ਹਨ। ਬੀਤੀ ਸ਼ਾਮ ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਆਉਂਦੇ ਪਿੰਡਾਂ ਕਰਮਗੜ੍ਹ ਅਤੇ ਨੰਗਲ ਵਿਚ ਦਸਤਾਵੇਜ਼ੀ ਸ਼ੋ ਕਰਵਾਏ ਗਏ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਅਧਾਰਿਤ ਇਹ ਦਸਤਾਵੇਜ਼ੀ ਸ਼ੋ ਹਰ ਪਿੰਡ ਵਿੱਚ ਕਰਵਾਏ ਜਾਣਗੇ।
ਓਹਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਸੱਚ, ਸਮਾਨਤਾ, ਪ੍ਰੇਮ ਅਤੇ ਪ੍ਰਭੂ ਭਗਤੀ ਦਾ ਮਾਰਗ ਦਿਖਾਉਂਦੀਆਂ ਹਨ। ਓਹਨਾਂ ਕਿਹਾ ਕਿ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ, ਜੋ ਸਾਨੂੰ ਜੀਵਨ ਜਿਊਣ ਦੀ ਉੱਤਮ ਜਾਚ ਸਿਖਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਜਾਤ-ਪਾਤ, ਭੇਦਭਾਵ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕਰਦੀ ਹੈ।
ਓਹਨਾਂ ਕਿਹਾ ਕਿ ਪਿੰਡਾਂ ਵਿੱਚ ਰੋਜ਼ਾਨਾ ਸ਼ਾਮ ਨੂੰ ਜਦੋਂ ਸਾਰੇ ਵਰਗਾਂ ਦੇ ਲੋਕ ਇਕੱਠੇ ਬੈਠ ਕੇ ਇਸ ਦਸਤਾਵੇਜ਼ੀ ਸ਼ੋ ਨੂੰ ਦੇਖਣਗੇ, ਤਾਂ ਇਸ ਨਾਲ ਪਿੰਡਾਂ ਵਿੱਚ ਆਪਸੀ ਭਾਈਚਾਰਾ, ਸਾਂਝ ਅਤੇ ਬਰਾਬਰੀ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਵੈਨ ਉਤੇ ਲੱਗੀ ਵਡ ਅਕਾਰੀ ਐਲਈਡੀ ਸਕ੍ਰੀਨ ਰਾਹੀਂ
ਗੁਰੂ ਰਵਿਦਾਸ ਜੀ ਦੇ ਜੀਵਨ ‘ਤੇ ਬਣੀ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਦਿਖਾਈ ਗਈ। ਪਿੰਡ ਦੇ ਵਾਸੀਆਂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।


