

ਯੁੱਧ ਨਸ਼ਿਆਂ ਵਿਰੁੱਧ: ਮਾਨ ਸਰਕਾਰ ਦੀ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ: ਮੀਤ ਹੇਅਰ
ਕਿਹਾ, ਨਸ਼ਿਆਂ ਦੀ ਰੋਕਥਾਮ ਦੇ ਨਾਲ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਲਈ ਵੀ ਕੀਤੇ ਵਿਆਪਕ ਉਪਰਾਲੇ
ਮੀਤ ਹੇਅਰ ਨੇ ਹਲਕਾ ਅਤੇ ਬਲਾਕ ਕੋਆਰਡੀਨੇਟਰਾਂ ਤੋਂ ਲਿਆ ਫੀਡਬੈਕ
ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸਾਂਝਾ ਹੰਭਲਾ ਅਤੇ ਸ਼ਿੱਦਤ ਨਾਲ ਕੰਮ ਕਰਨਾ ਜ਼ਰੂਰੀ: ਚੁਸ਼ਪਿੰਦਰ ਚਹਿਲ
ਨਸ਼ਾ ਮੁਕਤੀ ਮੋਰਚੇ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਰੀਵਿਊ ਮੀਟਿੰਗ
ਬਰਨਾਲਾ/ਹੰਡਿਆਇਆ, 24 ਜੂਨ/(ਹਿਮਾਂਸ਼ੂ ਗੋਇਲ)
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜਿੱਥੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਸ਼ਿਆਂ ਦੇ ਖਾਤਮੇ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਪੂਰੀ ਸਰਗਰਮੀ ਨਾਲ ਚਲਾਈ ਜਾ ਰਹੀ ਹੈ, ਓਥੇ ਸਾਡੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਵੀ ਵੱਡੇ ਉਪਰਾਲੇ ਕੀਤੇ ਹਨ, ਜੋ ਕਿ ਪਿਛਲੀ ਕਿਸੇ ਵੀ ਸਰਕਾਰ ਵਲੋਂ ਨਹੀਂ ਕੀਤੇ ਗਏ।
ਇਹ ਪ੍ਰਗਟਾਵਾਂ ਲੋਕ ਸਭਾ ਮੈਂਬਰ ਸੰਗਰੂਰ ਅਤੇ ਸਾਬਕਾ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਵਾਈ ਐੱਸ ਕਾਲਜ ਦੇ ਆਡੀਟੋਰੀਅਮ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਈ ਸਿਵਲ ਅਤੇ ਪੁਲੀਸ-ਪ੍ਰਸ਼ਾਸਨ ਅਤੇ ਨਸ਼ਾ ਮੁਕਤੀ ਮੋਰਚੇ ਦੇ ਅਹੁਦੇਦਾਰਾਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਉਹਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੇ ਘਰ ਤੇ ਹੌਂਸਲੇ ਤੋੜੇ ਹਨ। ਓਹਨਾਂ ਕਿਹਾ ਕਿ ਅੱਜ ਪਿੰਡਾਂ ਤੋਂ ਆਏ ਨਸ਼ਾ ਮੁਕਤੀ ਮੋਰਚੇ ਦੇ ਅਹੁਦੇਦਾਰਾਂ ਨੇ ਖੁਦ ਕਿਹਾ ਹੈ ਕਿ ਨਸ਼ਿਆਂ ਨੂੰ ਠੱਲ੍ਹ ਪਈ ਹੈ। ਓਹਨਾਂ ਕਿਹਾ ਕਿ ਪਰ ਅਜੇ ਵੀ ਪੂਰੀ ਸ਼ਿੱਦਤ ਅਤੇ ਸਰਗਰਮੀ ਨਾਲ ਕੰਮ ਕਰਨਾ ਹੈ ਅਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨਾ ਹੈ। ਓਹਨਾਂ ਕਿਹਾ ‘ਯੁੱਧ ਨਸ਼ਿਆਂ ਵਿਰੁੱਧ’ ਬਣੀ ਲੋਕ ਲਹਿਰ ਨੂੰ ਕਾਮਯਾਬ ਕਰਕੇ ਸੂਬੇ ਅਤੇ ਜ਼ਿਲ੍ਹਾ ਬਰਨਾਲਾ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ।
ਓਹਨਾਂ ਕਿਹਾ ਕਿ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਵੱਡੇ ਉਪਰਾਲੇ ਕੀਤੇ ਹਨ। ਜਿੱਥੇ ਖੇਡਾਂ ਦਾ ਬਜਟ ਕਈ ਗੁਣਾ ਵਧਾਇਆ ਹੈ, ਓਥੇ ਨਵੀਂ ਖੇਡ ਨੀਤੀ ਲਿਆਂਦੀ ਗਈ ਹੈ। ਜ਼ਿਲ੍ਹੇ ਵਿੱਚ 25 ਕਰੋੜ ਦੀ ਲਾਗਤ ਨਾਲ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ ਪਿੰਡਾਂ ਵਿਚ ਜਿਮ ਦਾ ਸਮਾਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ, ਜਿਨ੍ਹਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਜ਼ੋਨਲ (ਮਾਲਵਾ ਵੈਸਟ) ਕੋਆਰਡੀਨੇਟਰ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਮਾਨ ਸਰਕਾਰ ਦੀ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਹੈ। ਓਹਨਾਂ ਮੌਜੂਦ ਅਹੁਦੇਦਾਰਾਂ ਤੋਂ ਫੀਡਬੈਕ ਲਿਆ ਅਤੇ ਕਿਹਾ ਕਿ ਜਿੱਥੇ ਕੋਈ ਮੁਸ਼ਕਿਲ ਆ ਰਹੀ ਹੈ, ਤੁਰੰਤ ਪੁਲਿਸ/ ਪ੍ਰਸ਼ਾਸਨ ਤਕ ਪਹੁੰਚ ਕੀਤੀ ਜਾਵੇ। ਓਹਨਾਂ ਕਿਹਾ ਕਿ ਮਿਲ ਕੇ ਇਸ ਮੁਹਿੰਮ ਤਹਿਤ ਸਰਗਰਮੀ ਨਾਲ ਕੰਮ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਪੁਲੀਸ ਲਗਾਤਾਰ ਨਸ਼ਿਆਂ ਅਤੇ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਡਟੀ ਹੋਈ ਹੈ। ਓਹਨਾਂ ਕਿਹਾ ਬਰਨਾਲਾ ਪੁਲੀਸ ਵਲੋਂ ਜਿੱਥੇ ਵੱਡੇ ਪੱਧਰ ਉੱਤੇ ਨਸ਼ਿਆਂ ਦੀ ਰਿਕਵਰੀ ਕੀਤੀ ਗਈ ਹੈ, ਓਥੇ ਨਸ਼ਾ ਤਸਕਰਾਂ ਉੱਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਓਹਨਾਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਅਤੇ ਜ਼ਿਲ੍ਹਾ ਬਰਨਾਲਾ ਕਾਰਗੁਜ਼ਾਰੀ ਪੱਖੋਂ ਮੋਹਰੀ ਜ਼ਿਲ੍ਹਿਆਂ ਵਿੱਚ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਮੋਦੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮਕਸਦ ਜ਼ਿਲ੍ਹਾ ਪੱਧਰ ਤੋਂ ਪਿੰਡ ਪੱਧਰ ਤੱਕ ਬਣਾਈਆਂ ਕਮੇਟੀਆਂ ਦੀ ਕਾਰਗੁਜ਼ਾਰੀ ਨੂੰ ਵਾਚਣਾ ਅਤੇ ਬੇਹਤਰ ਤਾਲਮੇਲ ਬਣਾਉਣਾ ਹੈ। ਇਸ ਮੌਕੇ ਜ਼ੋਨਲ ਵਾਈਸ ਕੋਆਰਡੀਨੇਟਰ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਂਝੇ ਹੰਭਲੇ ਨਾਲ ਹੀ ਇਹ ਜੰਗ ਮੁਕੰਮਲ ਰੂਪ ਵਿਚ ਜਿੱਤੀ ਜਾ ਸਕਦੀ ਹੈ। ਓਹਨਾਂ ਕਿਹਾ ਕਿ ਇਹ ਮਹਿਜ਼ ਇੱਕ ਪ੍ਰੋਗਰਾਮ ਨਹੀਂ ਬਲਕਿ ਸਮਾਜ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਹੈ ਜਿਸ ਵਿੱਚ ਹਰ ਵਰਗ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਸ ਸਮਾਜਿਕ ਬੁਰਾਈ ਦਾ ਰਲ ਮਿਲ ਕੇ ਖਾਤਮਾ ਕਰਨਾ ਮਿਥਿਆ ਗਿਆ ਹੈ।
ਇਸ ਮੌਕੇ ਬਰਨਾਲਾ ਦੇ ਹਲਕਾ ਕੋਆਰਡੀਨੇਟਰ ਮਲਕੀਤ ਸਿੰਘ ਔਲਖ ਨੇ ਕਿਹਾ ਕਿ ਆਉਂਦੇ ਸਮੇਂ ਵੀ ਅਜਿਹੇ ਪ੍ਰੋਗਰਾਮ ਹਲਕਾ ਅਤੇ ਜ਼ਿਲ੍ਹਾ ਪੱਧਰ ਉੱਤੇ ਉਲੀਕੇ ਜਾਣਗੇ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।
ਇਸ ਮੌਕੇ ਐੱਸ ਪੀ ਅਸ਼ੋਕ ਸ਼ਰਮਾ, ਐੱਸ ਪੀ ਸੋਹਣ ਲਾਲ, ਐੱਸਡੀਐਮ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ, ਐੱਸ ਡੀ ਐਮ ਤਪਾ ਆਯੂਸ਼ ਗੋਇਲ, ਐੱਸਡੀਐਮ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ, ਡੀ ਐੱਸ ਪੀ ਬਰਨਾਲਾ ਸਤਵੀਰ ਸਿੰਘ, ਡੀ ਐਸ ਪੀ ਮਹਿਲ ਕਲਾਂ ਸਤਵਿੰਦਰ ਸਿੰਘ, ਡੀ ਐਸ ਪੀ ਤਪਾ ਜਸਕਰਨ ਸਿੰਘ, ਡੀ ਐਸ ਪੀ (ਡੀ) ਰਾਜਿੰਦਰ ਪਾਲ ਸਿੰਘ ਤੋਂ ਇਲਾਵਾ ਨਸ਼ਾ ਮੁਕਤੀ ਮੋਰਚਾ ਦੇ ਭਦੌੜ ਹਲਕੇ ਦੇ ਕੋ ਆਰਡੀਨੇਟਰ ਜਗਸੀਰ ਸਿੰਘ, ਮਹਿਲ ਕਲਾਂ ਹਲਕੇ ਤੋਂ ਜਸਦੀਪ ਸਿੰਘ, ਸਮੂਹ ਵਾਈਸ ਕੋਆਰਡੀਨੇਟਰ, ਬਲਾਕ ਕੋਆਰਡੀਨੇਟਰ ਮੌਜੂਦ ਸਨ।


