

ਪ੍ਰੇਮ ਹਸਪਤਾਲ ਵੱਲੋਂ ਗੁਰਦੁਆਰਾ ਸੰਗਤਸਰ ਸਾਹਿਬ ਕਲਾਲ ਮਾਜ਼ਰਾ ਵਿਖੇ ਵਿਸ਼ਾਲ ਮੁਫ਼ਤ ਅੱਖਾਂ ਜਾਂਚ ਕੈਂਪ ਲਗਾਇਆ
400 ਮਰੀਜ਼ਾਂ ਨੇ ਉਠਾਇਆ ਮੁਫ਼ਤ ਅੱਖਾਂ ਜਾਂਚ ਕੈਂਪ ਦਾ ਲਾਭ, 40 ਮਰੀਜ਼ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਚੁਣੇ
ਬਰਨਾਲਾ, 11 ਜੂਨ (ਹਿਮਾਂਸ਼ੂ ਗੋਇਲ):ਗੁਰਦੁਆਰਾ ਸੰਗਤਸਰ ਸਾਹਿਬ, ਕਲਾਲ ਮਾਜ਼ਰਾ (ਜ਼ਿਲ੍ਹਾ ਬਰਨਾਲਾ) ਵਿਖੇ ਪ੍ਰੇਮ ਅੱਖਾਂ ਅਤੇ ਜਨਾਨਾ ਰੋਗ ਹਸਪਤਾਲ, ਬਰਨਾਲਾ ਵੱਲੋਂ ਇੱਕ ਵਿਸ਼ਾਲ ਮੁਫ਼ਤ ਅੱਖਾਂ ਜਾਂਚ ਅਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਸੈਂਕੜੇ ਲੋਕਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ।

ਕੈਂਪ ਦੌਰਾਨ ਸੀਨੀਅਰ ਨੇਤਰ ਰੋਗ ਮਾਹਿਰ ਡਾ. ਰੂਪੇਸ਼ ਸਿੰਗਲਾ ਅਤੇ ਉਨ੍ਹਾਂ ਦੀ ਮਾਹਿਰ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਮਰੀਜ਼ਾਂ ਨੂੰ ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ, ਉਨ੍ਹਾਂ ਦੇ ਬਚਾਅ ਅਤੇ ਸਮੇਂ ਸਿਰ ਇਲਾਜ ਕਰਵਾਉਣ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਡਾਕਟਰਾਂ ਦੀ ਟੀਮ ਵੱਲੋਂ ਲਗਭਗ 400 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 40 ਮਰੀਜ਼ਾਂ ਨੂੰ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ। ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਕੀਤੇ ਜਾਣਗੇ।
ਇਸ ਮੌਕੇ ਸਮੂਹ ਨਗਰ ਪੰਚਾਇਤ ਕਲਾਲ ਮਾਜ਼ਰਾ ਅਤੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਲਾਕਾ ਵਾਸੀਆਂ ਨੇ ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ ਦੀ ਟੀਮ ਦੇ ਇਸ ਲੋਕ-ਭਲਾਈ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਪੇਂਡੂ ਖੇਤਰਾਂ ਦੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।
ਇਸ ਮੌਕੇ ਪ੍ਰੇਮ ਅੱਖਾਂ ਅਤੇ ਜਨਾਨਾ ਰੋਗ ਹਸਪਤਾਲ, ਬਰਨਾਲਾ ਦੇ ਪ੍ਰਬੰਧਕ ਅਤੇ ਸੀਨੀਅਰ ਨੇਤਰ ਰੋਗ ਮਾਹਿਰ ਡਾ. ਰੂਪੇਸ਼ ਸਿੰਗਲਾ ਨੇ ਕਿਹਾ ਕਿ ਅੱਖਾਂ ਪਰਮਾਤਮਾ ਵੱਲੋਂ ਮਨੁੱਖ ਨੂੰ ਦਿੱਤਾ ਗਿਆ ਇੱਕ ਅਨਮੋਲ ਤੋਹਫ਼ਾ ਹਨ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਅਤੇ ਲੋੜਵੰਦ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਦੇ ਮੰਤਵ ਨਾਲ ਹਸਪਤਾਲ ਵੱਲੋਂ ਸਮੇਂ-ਸਮੇਂ ‘ਤੇ ਮੁਫ਼ਤ ਮੈਡੀਕਲ ਅਤੇ ਅੱਖਾਂ ਜਾਂਚ ਕੈਂਪ ਲਗਾਏ ਜਾਂਦੇ ਹਨ।
ਡਾ. ਸਿੰਗਲਾ ਨੇ ਕਿਹਾ ਕਿ ਮੋਤੀਆਬਿੰਦ ਸਮੇਤ ਅੱਖਾਂ ਦੀਆਂ ਕਈ ਬਿਮਾਰੀਆਂ ਦਾ ਸਮੇਂ ਸਿਰ ਪਤਾ ਲਗਾ ਕੇ ਸਫ਼ਲ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਅਣਡਿੱਠਾ ਨਾ ਕੀਤਾ ਜਾਵੇ ਅਤੇ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਜ਼ਰੂਰ ਕਰਵਾਈ ਜਾਵੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਮਾਜ ਸੇਵਾ ਦੇ ਇਸੇ ਸੰਕਲਪ ਨਾਲ ਭਵਿੱਖ ਵਿੱਚ ਵੀ ਅਜਿਹੇ ਮੁਫ਼ਤ ਸਿਹਤ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ ਤਾਂ ਜੋ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।


