

ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਦੇ ਐਨ.ਐਸ.ਐਸ. ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਸ਼ਾਲ ਰੁੱਖ ਲਗਾਓ ਮੁਹਿੰਮ ਦਾ ਆਯੋਜਨ
ਵਿਦਿਆਰਥੀਆਂ ਨੇ ਵਾਤਾਵਰਣ ਸੁਰੱਖਿਆ ਦਾ ਲਿਆ ਸੰਕਲਪ, ਐਨ.ਐਸ.ਐਸ. ਵਲੰਟੀਅਰਾਂ ਨੇ ਹਰਿਆਲੀ ਵਧਾਉਣ ਦਾ ਦਿੱਤਾ ਸੰਦੇਸ਼:ਚੇਅਰਮੈਨ ਇੰਜੀ. ਆਰ. ਕੇ. ਗੁਪਤਾ
ਬਰਨਾਲਾ, 5 ਜੂਨ (ਹਿਮਾਂਸ਼ੂ ਗੋਇਲ): ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਦੇ ਐਨ.ਐਸ.ਐਸ. ਵਿਭਾਗ ਵੱਲੋਂ ਇੱਕ ਵਿਸ਼ਾਲ ਰੁੱਖ ਲਗਾਓ ਮੁਹਿੰਮ ਅਤੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਕੈਂਪਸ ਵਿੱਚ ਵੱਡੀ ਗਿਣਤੀ ਵਿੱਚ ਛਾਂਦਾਰ, ਫਲਦਾਰ ਅਤੇ ਔਸ਼ਧੀ ਪੌਦੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ ਗਿਆ।
ਸਮਾਗਮ ਦੌਰਾਨ ਐਨ.ਐਸ.ਐਸ. ਵਲੰਟੀਅਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਹਰਿਆਲੀ ਵਧਾਉਣ ਲਈ ਰੁੱਖ ਲਗਾਏ। ਇਸ ਦੇ ਨਾਲ ਹੀ ਵਾਤਾਵਰਣ ਦੀ ਸੁਰੱਖਿਆ, ਜਲਵਾਯੂ ਪਰਿਵਰਤਨ, ਪਾਣੀ ਦੀ ਸੰਭਾਲ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਲੈਕਚਰ ਵੀ ਕਰਵਾਇਆ ਗਿਆ।
ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੁੱਖ ਮਨੁੱਖੀ ਜੀਵਨ ਲਈ ਬਹੁਤ ਕੀਮਤੀ ਹਨ ਅਤੇ ਸਾਫ਼ ਹਵਾ, ਸਾਫ਼ ਪਾਣੀ ਅਤੇ ਸੰਤੁਲਿਤ ਵਾਤਾਵਰਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।
ਸੰਸਥਾ ਦੇ ਮਾਣਯੋਗ ਪ੍ਰਬੰਧਕ ਚੇਅਰਮੈਨ ਇੰਜੀ. ਆਰ. ਕੇ. ਗੁਪਤਾ, ਵਾਈਸ ਚੇਅਰਮੈਨ ਸ਼੍ਰੀ ਰਣਜੀਵ ਮੰਗਲਾ, ਜਨਰਲ ਸਕੱਤਰ ਇੰਜੀ. ਵਿੱਕੀ ਸਿੰਗਲਾ, ਜਾਇੰਟ ਸਕੱਤਰ ਇੰਜੀ. ਇੰਦਰਪਾਲ ਗੋਇਲ, ਖਜ਼ਾਨਚੀ ਸ਼੍ਰੀ ਅਸ਼ਵਨੀ ਸਿੰਗਲਾ, ਐਡੀਸ਼ਨਲ ਸਕੱਤਰ ਇੰਜੀ. ਮੋਹਿਤ ਮੰਗਲਾ, ਐਗਜ਼ਿਕਿਊਟਿਵ ਮੈਂਬਰ ਸ਼੍ਰੀ ਹਰਭਜਨ ਸਿੰਘ ਅਤੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਵਿਸ਼ਵ ਵਾਤਾਵਰਣ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਹਰੇਕ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਇਸ ਦਿਸ਼ਾ ਵਿੱਚ ਅਗਵਾਈ ਕਰਨੀ ਚਾਹੀਦੀ ਹੈ।
ਡਾ. ਅਜੈ ਕੁਮਾਰ ਮਿੱਤਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਾਤਾਵਰਣ ਦੀ ਰੱਖਿਆ ਅੱਜ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਨੌਜਵਾਨਾਂ ਨੂੰ ਹਰਿਆਲੀ ਵਧਾਉਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਸ ਮੌਕੇ ਡੀਨ ਅਕਾਦਮਿਕ ਡਾ. ਭਵੇਤ, ਡੀਨ ਇੰਜੀਨੀਅਰਿੰਗ ਸ਼੍ਰੀ ਰਜਨੀਸ਼ ਨਰੂਲਾ, ਐਨ.ਐਸ.ਐਸ. ਕੋਆਰਡੀਨੇਟਰ ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸ਼੍ਰੀ ਨਵਦੀਪ ਬਾਂਸਲ, ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸ਼੍ਰੀ ਵਿਜੈ ਕੁਮਾਰ, ਡਾ. ਜਸ਼ਨਜੋਤ ਅਤੇ ਸ਼੍ਰੀਮਤੀ ਭਾਵੁਕਤਾ ਸ਼ਰਮਾ ਨੇ ਸਮਾਗਮ ਦੇ ਸਫਲ ਆਯੋਜਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
ਅੰਤ ਵਿੱਚ ਐਨ.ਐਸ.ਐਸ. ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ “ਹਰ ਵਿਅਕਤੀ ਇੱਕ ਰੁੱਖ” ਲਗਾਉਣ ਅਤੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਸਮਾਗਮ ਦੌਰਾਨ ਲਗਾਏ ਗਏ ਪੌਦਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਵਿਦਿਆਰਥੀਆਂ ਨੂੰ ਸੌਂਪੀ ਗਈ।
ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਦਾ ਐਨ.ਐਸ.ਐਸ. ਵਿਭਾਗ ਭਵਿੱਖ ਵਿੱਚ ਵੀ ਵਾਤਾਵਰਣ ਸੁਰੱਖਿਆ, ਸਮਾਜਿਕ ਜਾਗਰੂਕਤਾ ਅਤੇ ਟਿਕਾਊ ਵਿਕਾਸ ਨਾਲ ਸਬੰਧਿਤ ਅਜਿਹੀਆਂ ਗਤੀਵਿਧੀਆਂ ਲਗਾਤਾਰ ਕਰਵਾਉਂਦਾ ਰਹੇਗਾ।


