

ਧਨੌਲਾ ਨਗਰ ਕੌਂਸਲ ਚੋਣਾਂ : ਵਾਰਡ ਨੰਬਰ 8 ’ਚ ਜ਼ਬਰਦਸਤ ਮੁਕਾਬਲੇ ਨੇ ਬਣਾਇਆ ਰਾਜਨੀਤਿਕ ਮਾਹੌਲ ਗਰਮ
ਸਾਬਕਾ ਪ੍ਰਧਾਨ ਸੁਰਜੀਤ ਸੀਤਾ, ਸਮਾਜ ਸੇਵੀ ਜਗਜੀਤ ਸੈਨਾ ਦੀਆਂ ਸਰਗਰਮੀਆਂ ਨੇ ਕੀਤਾ ਵੋਟਰਾਂ ਦਾ ਉਤਸ਼ਾਹ ਤੇਜ਼
ਧਨੌਲਾ, (ਹਿਮਾਂਸ਼ੂ ਗੋਇਲ) — ਨਗਰ ਕੌਂਸਲ ਧਨੌਲਾ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 8 ਵਿੱਚ ਸਿਆਸੀ ਸਰਗਰਮੀਆਂ ਚਰਮ ’ਤੇ ਪਹੁੰਚ ਗਈਆਂ ਹਨ। ਵਾਰਡ ਵਿੱਚ ਆਮ ਆਦਮੀ ਪਾਰਟੀ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਵਿਚਕਾਰ ਦਿਲਚਸਪ ਤੇ ਫਸਵਾਂ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਹੈ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਆਪਣੇ ਹੱਕ ਵਿੱਚ ਸਮਰਥਨ ਮੰਗ ਰਹੇ ਹਨ।
ਆਮ ਆਦਮੀ ਪਾਰਟੀ ਵੱਲੋਂ ਜਗਜੀਤ ਸਿੰਘ ਸੈਨਾ ਝਾੜੂ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ। ਉੱਥੇ ਹੀ ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਸੀਤਾ ਗੈਸ ਸਿਲੰਡਰ ਨਿਸ਼ਾਨ ਨਾਲ ਮੈਦਾਨ ਵਿੱਚ ਹਨ। ਭਾਜਪਾ ਵੱਲੋਂ ਲਾਜਵੰਤੀ ਕੌਰ ਕਮਲ ਦੇ ਫੁੱਲ ਨਿਸ਼ਾਨ ’ਤੇ ਚੋਣ ਲੜ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਸਰ ਸਿੰਘ ਤੱਕੜੀ ਨਿਸ਼ਾਨ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਇਸ ਤੋਂ ਇਲਾਵਾ ਸਟਾਲਨਦੀਪ ਸਿੰਘ ਵੱਲੋਂ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਹੁਣ ਮੁਕਾਬਲਾ ਉਪਰੋਕਤ ਮੁੱਖ ਉਮੀਦਵਾਰਾਂ ਵਿਚਕਾਰ ਰਹਿ ਗਿਆ ਹੈ। ਵਾਰਡ ਦੇ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਪਾਰਟੀ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਲਈ ਪੂਰੀ ਤਾਕਤ ਨਾਲ ਪ੍ਰਚਾਰ ਵਿੱਚ ਜੁਟੀ ਹੋਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਵਾਰਡ ਨੰਬਰ 8 ਦੀ ਚੋਣ ਕਾਫੀ ਰੋਚਕ ਰਹੇਗੀ ਅਤੇ ਨਤੀਜੇ ਆਖ਼ਰੀ ਸਮੇਂ ਤੱਕ ਦਿਲਚਸਪੀ ਬਣਾਈ ਰੱਖ ਸਕਦੇ ਹਨ। ਚੋਣ ਪ੍ਰਚਾਰ ਦੇ ਨਾਲ-ਨਾਲ ਵਾਰਡ ਵਿੱਚ ਸਿਆਸੀ ਚਰਚਾਵਾਂ ਵੀ ਤੇਜ਼ ਹੋ ਚੁੱਕੀਆਂ ਹਨ।
ਪੇਸ਼ਕਸ਼ : Theepapers.com | ਰਿਪੋਰਟਰ ਹਿਮਾਂਸ਼ੂ ਗੋਇਲ ਧਨੌਲਾ


