

ਨਗਰ ਕੌਂਸਲ ਚੋਣਾਂ: ਵਾਰਡ ਨੰਬਰ 7 ’ਚ ਮੁਕਾਬਲਾ ਹੋਇਆ ਦਿਲਚਸਪ
ਆਪ, ਭਾਜਪਾ, ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਮੈਦਾਨ ’ਚ
ਧਨੌਲਾ, 22 ਮਈ (ਹਿਮਾਂਸ਼ੂ ਗੋਇਲ) : ਨਗਰ ਕੌਂਸਲ ਧਨੌਲਾ ਦੀਆਂ 26 ਮਈ 2026 ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 7 ਵਿੱਚ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਵਾਰ ਵਾਰਡ ਵਿੱਚ ਪੰਜ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਸ ਕਾਰਨ ਮੁਕਾਬਲਾ ਕਾਫੀ ਰੋਚਕ ਬਣ ਗਿਆ ਹੈ।
ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਵੱਲੋਂ ਨਿਸ਼ਾ ਰਾਣੀ (ਝਾੜੂ) ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜਸਵੀਰ ਕੌਰ ਆਜ਼ਾਦ ਉਮੀਦਵਾਰ ਵਜੋਂ ਗੈਸ ਸਿਲੰਡਰ ਚੋਣ ਨਿਸ਼ਾਨ ਨਾਲ ਮੈਦਾਨ ਵਿੱਚ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਕਾਂਤਾ ਰਾਣੀ (ਕਮਲ ਦਾ ਫੁੱਲ) ਚੋਣ ਲੜ ਰਹੇ ਹਨ।
ਇਸੇ ਤਰ੍ਹਾਂ ਰਮਨਦੀਪ ਕੌਰ ਆਜ਼ਾਦ ਉਮੀਦਵਾਰ ਵਜੋਂ ਸਿਲਾਈ ਮਸ਼ੀਨ ਚੋਣ ਨਿਸ਼ਾਨ ਨਾਲ ਲੋਕਾਂ ਦੇ ਦਰ ’ਤੇ ਪਹੁੰਚ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਕੌਰ (ਤੱਕੜੀ) ਚੋਣ ਮੈਦਾਨ ਵਿੱਚ ਹਨ।
ਵਾਰਡ ਵਿੱਚ ਚੋਣ ਪ੍ਰਚਾਰ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਤੋਂ ਸਮਰਥਨ ਮੰਗ ਰਹੇ ਹਨ। ਵੋਟਰ ਵੀ ਆਪਣੇ ਵਾਰਡ ਦੇ ਵਿਕਾਸ ਅਤੇ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਫੈਸਲੇ ਦੀ ਤਿਆਰੀ ਕਰ ਰਹੇ ਹਨ।
26 ਮਈ ਨੂੰ ਹੋਣ ਵਾਲੀ ਵੋਟਿੰਗ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਵਾਰਡ ਨੰਬਰ 7 ਦੀ ਜਨਤਾ ਕਿਸ ਉਮੀਦਵਾਰ ’ਤੇ ਆਪਣਾ ਭਰੋਸਾ ਜਤਾਉਂਦੀ ਹੈ।


