

ਐੱਸ.ਡੀ ਸਭਾ ਬਰਨਾਲਾ ਨੇ ਸਵ: ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾਂ ਦੀ ਸਦੀਵੀ ਯਾਦ ਨੂੰ ਸਮਰਪਿਤ ਖੋਲਿਆ ‘‘ਐੱਸ.ਕੇ.ਐੱਸ ਮੈਮੋਰੀਅਲ ਲਾਅ ਕਾਲਜ’
ਬਰਨਾਲਾ, 14 ਮਈ (ਹਿਮਾਂਸ਼ੂ ਗੋਇਲ) : ਪਿਛਲੀ ਇੱਕ ਸਦੀ ਤੋਂ ਬਰਨਾਲਾ ਦੇ ਵਿੱਚ ਵਿਦਿਆ ਦੇ ਖੇਤਰ ’ਚ ਸਰਗਰਮ ਸਨਾਤਨ ਧਰਮ ਸਭਾ ਰਜਿ: ਬਰਨਾਲਾ (ਐੱਸ.ਡੀ ਸਭਾ) ਜਿਥੇ ਪਹਿਲਾਂ ਸੱਤ ਸਕੂਲ ਅਤੇ ਐੱਸ.ਐੱਸ.ਡੀ ਕਾਲਜ ਰਾਹੀਂ ਵਿੱਦਿਆ ਦਾ ਚਾਨਣ ਵੰਡ ਰਹੀ ਹੈ, ਉਥੇ ਹੁਣ ਵੱਡੀ ਪੁਲਾਂਘ ਪੁੱਟਦਿਆਂ ਐੱਸ.ਕੇ.ਐੱਸ ਮੈਮੋਰੀਅਲ ਲਾਅ ਕਾਲਜ ਸੁਰੂ ਕਰਕੇ ਨਵਾਂ ਮੀਲ ਪੱਥਰ ਗੱਡਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ ਸਭਾ ਦੇ ਚੇਅਰਮੈਨ ਡਾ: ਪੀਨਾਂਕ ਮੋਦਗਿੱਲ, ਪ੍ਰਧਾਨ ਡਾ: ਭੀਮ ਸੈਨ ਗਰਗ, ਜਨਰਲ ਸਕੱਤਰ ਸ਼ਿਵ ਸਿੰਗਲਾ ਅਤੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਸਾਂਝੇ ਤੌਰ ’ਤੇ ਦੱਸਿਆ ਹੈ ਕਿ ਐੱਸ.ਡੀ ਸਭਾ ਬਰਨਾਲਾ ਨੂੰ ਬੁਲੰਦੀਆਂ ਪੁਹੰਚਾਉਣ ਵਾਲੇ ‘ਬਾਊ ਜੀ’ ਸਵ: ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੀ ਸਦੀਵੀ ਯਾਦ ਨੂੰ ਸਮਰਪਿਤ ਸਿਵਦਰਸ਼ਨ ਕੁਮਾਰ ਸ਼ਰਮਾ ਮੈਮੋਰੀਅਲ ਲਾਅ ਕਾਲਜ(ਐੱਸ.ਕੇ.ਐੱਸ ਲਾਅ ਕਾਲਜ) ਸ਼ੁਰੂ ਕਰਨ ਜਾ ਰਹੀ ਹੈ। ਉਹਨਾਂ ਦੱਸਿਆ ਹੈ ਲਾਅ ਕਾਲਜ ਦੀ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ, ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਬਾਰ ਕੌਂਸਲ ਇੰਡੀਆ ਤੋਂ ਸਾਰੀਆਂ ਪ੍ਰਵਾਨਗੀਆਂ ਮਿਲ ਚੁਕੀਆਂ ਹਨ ਅਤੇ ਸਟਾਫ਼ ਦੀ ਭਰਤੀ ਹੋ ਰਹੀ ਹੈ। ਹੁਣ ਬਹੁਤ ਜਲਦੀ ‘ਐੱਸ.ਕੇ.ਐੱਸ ਮੈਮੋਰੀਅਲ ਲਾਅ ਕਾਲਜ’ ਵਿੱਚ ਵਿਦਿਆਰਥੀਆਂ ਦੇ ਦਾਖਲੇ ਸੁਰੂ ਹੋਣ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਬਰਨਾਲਾ ਵਿੱਚ ਲਾਅ ਕਾਲਜ ਹੋਵੇ, ਕਿਉਂਕਿ ਕਾਨੂੰਨ ਦੀ ਪੜਾਈ ਕਰਨ ਲਈ ਵਿਦਿਆਰਥੀਆਂ ਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ ਸੀ। ਸਵਰਗੀ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ‘ਜੋ 60 ਸਾਲ ਤੋਂ ਵੱਧ ਸਮਾਂ ਵਕਾਲਤ ਦੇ ਖੇਤਰ ਸਰਗਰਮ ਰਹੇ, ਵੀ ਬਰਨਾਲਾ ਵਿੱਚ ਲਾਅ ਕਾਲਜ ਬਣਾਉਣ ਲਈ ਤਤਪਰ ਰਹੇ, ਪਰ ਉਸ ਸਮੇਂ ਸਰਕਾਰ ਵੱਲੋਂ ਨਵੇਂ ਲਾਅ ਕਾਲਜ ਖੋਲਣ ’ਤੇ ਬੰਦਸਾਂ ਲੱਗੀਆਂ ਹੋਣ ਕਰਕੇ ਉਹਨਾਂ ਦਾ ਇਹ ਸੁਪਨਾ ਜਿਉਂਦੇ ਜੀਅ ਪੂਰਾ ਨਾ ਹੋ ਸਕਿਆ। ਹੁਣ ਜਿਉਂ ਹੀ ਪੰਜਾਬ ਸਰਕਾਰ ਨੇ ਨਵੇਂ ਲਾਅ ਖੋਲਣ ’ਤੇ ਲਾਈ ਪਾਬੰਦੀ ਹਟਾਈ ਤਾਂ ਉਹਨਾਂ ਦੇ ਸਪੁੱਤਰ ਡਾ: ਪੀਨਾਂਕ ਮੋਦਗਿਲ ਦੇ ਅਣਥੱਕ ਯਤਨਾਂ ਸਦਕਾ ‘ਬਾਊ ਜੀ’ ਸਿਵਦਰਸ਼ਨ ਕੁਮਾਰ ਸਰਮਾ ਦਾ ਸੁਪਨਾ ਪੂਰਾ ਹੋਇਆ ਅਤੇ ਬਰਨਾਲਾ ਖੇਤਰ ਵਿੱਚ ‘ਐੱਸ.ਕੇ.ਐੱਸ ਮੈਮੋਰੀਅਲ ਲਾਅ ਕਾਲਜ’ ਦੀ ਸਥਾਪਨਾ ਹੋਈ ਹੈ। ਜਿਸ ਨਾਲ ਹੁਣ ਇਥੇ ਪਹਿਲੇ ਸਾਲ ਹੀ 120 ਵਿਦਿਆਰਥੀਆਂ ਕਾਨੂੰਨ ਦੀ ਪੜਾਈ ਵਿੱਚ ਦਾਖਲਾ ਲੈ ਸਕਣਗੇ, ਜਿਹਨਾਂ ਵਿੱਚ 60 ਸੀਟਾਂ ਵਿਦਿਆਰਥੀਆਂ ਲਈ ਪਲਸ ਟੂ ਕਰਨ ਉਪਰੰਤ ਕਾਨੂੰਨ ਦੀ ਪੜਾਈ ਕਰਨ ਵਾਸਤੇ ਹਨ, ਜੋ ਪੰਜ ਸਾਲਾਂ ਵਿੱਚ ਆਪਣੀ ਪੜਾਈ ਪੂਰੀ ਕਰਨਗੇ ਅਤੇ 60 ਸੀਟਾਂ ’ਤੇ ਵਿਦਿਆਰਥੀ ਗਰੇਜੂਏਸ਼ਨ ਉਪਰੰਤ 3 ਸਾਲਾਂ ਵਿੱਚ ਕਾਨੂੰਨ ਦੀ ਪੜਾਈ ਪੂਰੀ ਕਰਨਗੇ। ਇਹ ਲਾਅ ਕਾਲਜ ਬਰਨਾਲਾ ਖੇਤਰ ਲਈ ਬਹੁਤ ਵੱਡਾ ਵਰਦਾਨ ਸਾਬਤ ਹੋਵੇਗਾ। ਐੱਸ.ਡੀ ਸਭਾ ਬਰਨਾਲਾ ਵੱਲੋਂ ਵਿੱਦਿਆ ਖੇਤਰ ਵਿੱਚ ਅਜੇ ਹੋਰ ਵੀ ਅਹਿਮ ਕਦਮ ਪੁੱਟਦਿਆਂ ਵੱਡੇ ਟੀਚੇ ਰੱਖੇ ਗਏ ਹਨ, ਜੋ ਆਉਣ ਵਾਲੇ ਸਮੇਂ ਵਿੱਚ ਐੱਸ.ਐੱਸ.ਡੀ ਕਾਲਜ ਨੂੰ ਇੱਕ ਯੂਨੀਵਰਸਟੀ ਦੇ ਰੂਪ ਦੇਖਣ ਦੀ ਇੱਛੁਕ ਹੈ
।


