

ਆਰੀਆਭੱਟ ਕਾਲਜ ਬਰਨਾਲਾ ਵਿਖੇ ਵਿਸ਼ਵ ਪ੍ਰਸਿੱਧ ਥਾਟ ਲੀਡਰ ਮਨਦੀਪ ਕੌਰ ਟਾਂਗਰਾ 6 ਜੂਨ ਨੂੰ ਦੇਣਗੇ ਪ੍ਰੇਰਣਾਦਾਇਕ ਲੈਕਚਰ
ਲੈਕਚਰ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ:ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ
ਬਰਨਾਲਾ(ਹਿਮਾਂਸ਼ੂ ਗੋਇਲ) ਆਰੀਆਭੱਟ ਕਾਲਜ ਬਰਨਾਲਾ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਲੀਡਰਸ਼ਿਪ ਸਕਿੱਲ ਅਤੇ ਕਰੀਅਰ ਮਾਰਗਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ 6 ਜੂਨ 2026 ਨੂੰ ਕਾਲਜ ਕੈਂਪਸ ਵਿੱਚ ਵਿਸ਼ੇਸ਼ ਪ੍ਰੇਰਣਾਦਾਇਕ ਲੈਕਚਰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਥਾਟ ਲੀਡਰ, TEDx ਸਪੀਕਰ, ਉਦਯੋਗਪਤੀ ਅਤੇ ਸਮਾਜਿਕ ਬਦਲਾਅ ਦੀ ਪ੍ਰੇਰਕ ਸ਼ਖ਼ਸੀਅਤ ਮਨਦੀਪ ਕੌਰ ਢੀਂਗਰਾ ਮੁੱਖ ਵਕਤਾ ਵਜੋਂ ਸ਼ਿਰਕਤ ਕਰਨਗੇ।
ਕਾਲਜ ਪ੍ਰਬੰਧਕਾਂ ਅਨੁਸਾਰ ਇਹ ਪ੍ਰੋਗਰਾਮ ਸਿਰਫ਼ ਇੱਕ ਲੈਕਚਰ ਨਹੀਂ, ਸਗੋਂ ਵਿਦਿਆਰਥੀਆਂ ਲਈ ਆਪਣੀਆਂ ਲੁਕੀਆਂ ਹੋਈਆਂ ਸਮਰੱਥਾਵਾਂ ਨੂੰ ਪਛਾਣਣ, ਆਤਮਵਿਸ਼ਵਾਸ ਵਧਾਉਣ ਅਤੇ ਜ਼ਿੰਦਗੀ ਵਿੱਚ ਵੱਡੇ ਟੀਚੇ ਹਾਸਲ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ। ਅੱਜ ਦੇ ਮੁਕਾਬਲੇਭਰੇ ਦੌਰ ਵਿੱਚ ਕੇਵਲ ਕਿਤਾਬੀ ਗਿਆਨ ਹੀ ਨਹੀਂ, ਸਗੋਂ ਲੀਡਰਸ਼ਿਪ, ਕਮਿਊਨੀਕੇਸ਼ਨ ਸਕਿੱਲ, ਪਾਜ਼ਿਟਿਵ ਸੋਚ, ਟਾਈਮ ਮੈਨੇਜਮੈਂਟ ਅਤੇ ਮਾਨਸਿਕ ਮਜ਼ਬੂਤੀ ਵੀ ਬਹੁਤ ਜ਼ਰੂਰੀ ਹੈ।
ਮਨਦੀਪ ਕੌਰ ਟਾਂਗਰਾ ਤਿੰਨ ਵਾਰ TEDx Speaker ਰਹਿ ਚੁੱਕੇ ਹਨ ਅਤੇ ਉਹ CEO – Oorjaah ਵਜੋਂ ਕੰਮ ਕਰ ਰਹੇ ਹਨ। ਉਹ ਯੁਵਾ ਸਸ਼ਕਤੀਕਰਨ, ਉਦਯੋਗਤਾ ਅਤੇ ਸਮਾਜਿਕ ਬਦਲਾਅ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਰਾਜਪਾਲ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪੰਜਾਬ ਦੇ ਇੱਕ ਛੋਟੇ ਪਿੰਡ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਮਨਦੀਪ ਕੌਰ ਟਾਂਗਰਾ ਨੇ ਆਪਣੀ ਮਿਹਨਤ ਅਤੇ ਨਵੀਨ ਸੋਚ ਨਾਲ ਵਿਸ਼ਵ ਪੱਧਰ ’ਤੇ ਵੱਖਰੀ ਪਹਿਚਾਣ ਬਣਾਈ। ਉਹ IITs, IIMs ਅਤੇ NITs ਸਮੇਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ’ਤੇ ਹਜ਼ਾਰਾਂ ਨੌਜਵਾਨਾਂ ਨੂੰ ਪ੍ਰੇਰਿਤ ਕਰ ਚੁੱਕੇ ਹਨ। ਭਾਰਤ, ਅਮਰੀਕਾ ਅਤੇ ਦੁਬਈ ਸਮੇਤ 600 ਤੋਂ ਵੱਧ ਮੰਚਾਂ ’ਤੇ ਉਹ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰ ਹਨ।
ਇਸ ਲੈਕਚਰ ਦੌਰਾਨ ਉਹ ਵਿਦਿਆਰਥੀਆਂ ਨੂੰ ਸਫ਼ਲਤਾ, ਕਰੀਅਰ ਚੋਣ, ਆਤਮਵਿਸ਼ਵਾਸ, ਲਕਸ਼ ਨਿਰਧਾਰਣ ਅਤੇ ਅਸਫਲਤਾਵਾਂ ਤੋਂ ਸਿੱਖਣ ਬਾਰੇ ਮਾਰਗਦਰਸ਼ਨ ਦੇਣਗੇ। ਪ੍ਰੋਗਰਾਮ ਤੋਂ ਬਾਅਦ ਪ੍ਰਸ਼ਨੋੱਤਰ ਸੈਸ਼ਨ ਵੀ ਹੋਵੇਗਾ, ਜਿਸ ਵਿੱਚ ਵਿਦਿਆਰਥੀ ਉਨ੍ਹਾਂ ਨਾਲ ਸਿੱਧਾ ਸੰਵਾਦ ਕਰ ਸਕਣਗੇ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸੰਸਥਾ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਿਤ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਸਮਾਜ ਲਈ ਜ਼ਿੰਮੇਵਾਰ ਅਤੇ ਆਤਮਵਿਸ਼ਵਾਸੀ ਨਾਗਰਿਕ ਬਣਾਉਣਾ ਹੈ। ਕਾਲਜ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਵਿਸ਼ੇਸ਼ ਲੈਕਚਰ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ ਅਤੇ ਉਨ੍ਹਾਂ ਵਿੱਚ ਨਵੀਂ ਊਰਜਾ ਪੈਦਾ ਕਰੇਗਾ।


