

ਸੀ.ਬੀ.ਐੱਸ.ਈ. ਬਾਰਵੀਂ ਦੇ ਨਤੀਜਿਆਂ ‘ਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦਾ ਸ਼ਾਨਦਾਰ ਪ੍ਰਦਰਸ਼ਨ
ਮਹਿਕਦੀਪ ਕੌਰ ਨੇ ਕਾਮਰਸ ਵਿਭਾਗ ਵਿੱਚ ਜ਼ਿਲ੍ਹੇ ‘ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ
ਬਰਨਾਲਾ (ਹਿਮਾਂਸ਼ੂ ਗੋਇਲ):
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਸਲਾਨਾ ਨਤੀਜਿਆਂ ਵਿੱਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਬਰਨਾਲਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਹਰ ਵਿਭਾਗ ਦੇ ਵਿਦਿਆਰਥੀਆਂ ਨੇ ਉੱਚ ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਕਾਮਰਸ ਵਿਭਾਗ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ 97.8 ਫੀਸਦੀ ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਸਗੋਂ ਜ਼ਿਲ੍ਹੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਲਈ ਮਾਣ ਵਾਲੀ ਉਪਲਬਧੀ ਦਰਜ ਕੀਤੀ। ਜੈਸਮੀਨ ਕੌਰ ਬਾਜਵਾ ਨੇ 96.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਇਮਾਨਤਪ੍ਰੀਤ ਕੌਰ ਅਤੇ ਬਸਨਵੀਰ ਕੌਰ ਨੇ 89.8 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਇੰਸ ਵਿਭਾਗ ਵਿੱਚ ਲਵਲੀਨ ਕੌਰ ਨੇ 91.8 ਫੀਸਦੀ ਅੰਕ ਹਾਸਲ ਕਰਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਹਰਮਨ ਅਤੇ ਪ੍ਰਨੀਤ ਕੌਰ ਨੇ 89.2 ਫੀਸਦੀ ਅਤੇ ਦਿਸ਼ੂ ਨੇ 88.8 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।
ਆਰਟਸ ਵਿਭਾਗ ਵਿੱਚ ਮੰਨਤ ਨੇ 92.2 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਰਿਆ ਗੌਤਮ ਨੇ 89.4 ਫੀਸਦੀ ਅੰਕ ਨਾਲ ਦੂਜਾ ਅਤੇ ਖੁਸ਼ਬੂ ਨੇ 88.6 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਆਪਣੇ ਨਾਮ ਕੀਤਾ।
ਸਕੂਲ ਦੇ ਮੈਡੀਕਲ, ਨਾਨ-ਮੈਡੀਕਲ, ਸਾਇੰਸ, ਕਾਮਰਸ ਅਤੇ ਆਰਟਸ ਸਮੇਤ ਸਾਰੇ ਵਿਭਾਗਾਂ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ, ਜਿਸ ਨਾਲ ਸਕੂਲ ਕੈਂਪਸ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣ ਗਿਆ।
ਇਸ ਮੌਕੇ ਸਕੂਲ ਮੈਨੇਜਮੈਂਟ ਦੇ ਐਮ.ਡੀ. ਸਰਦਾਰ ਰਣਪ੍ਰੀਤ ਸਿੰਘ ਰਾਏ ਅਤੇ ਸਕੂਲ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਨੇ ਸਾਂਝੇ ਤੌਰ ‘ਤੇ ਸਾਰੇ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਯੋਗ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ।
ਮਾਪਿਆਂ ਨੇ ਵੀ ਸਕੂਲ ਦੇ ਅਨੁਸ਼ਾਸਿਤ ਮਾਹੌਲ, ਉੱਚ ਪੱਧਰੀ ਸਿੱਖਿਆ ਅਤੇ ਵਧੀਆ ਬੁਨਿਆਦੀ ਢਾਂਚੇ ਦੀ ਸ਼ਲਾਘਾ ਕਰਦਿਆਂ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸਕੂਲ ਮੈਨੇਜਮੈਂਟ ਨੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇਣ ਅਤੇ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦਾ ਭਰੋਸਾ ਦਿੱਤਾ।


