

ਨੌਜਵਾਨਾਂ ਨੂੰ ਸੇਧ ਦੇਣ ਵਾਲੀ ਟੈਲੀ ਫਿਲਮ “ਫ਼ਰਜ਼” ਦਾ ਪੋਸਟਰ ਗੁਣਤਾਜ ਪ੍ਰੈਸ ਕਲੱਬ ਵੱਲੋਂ ਪੋਸਟਰ ਕੀਤਾ ਗਿਆ ਰਿਲੀਜ਼
10 ਜੂਨ ਨੂੰ ਹੋਵੇਗੀ ਫਿਲਮ ਰਿਲੀਜ਼
ਮਹਿਲ ਕਲਾਂ, 7 ਮਈ (ਹਿਮਾਂਸ਼ੂ ਗੋਇਲ)-
ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਪ੍ਰਤੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦੇ ਮਕਸਦ ਨਾਲ ਤਿਆਰ ਕੀਤੀ ਗਈ ਟੈਲੀ ਫਿਲਮ “ਫ਼ਰਜ਼” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਫਿਲਮ ਨਾਲ ਜੁੜੇ ਕਲਾਕਾਰਾਂ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਫਿਲਮ ਦੀ ਕਹਾਣੀ ਅਤੇ ਇਸਦੇ ਸੰਦੇਸ਼ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਫਿਲਮ ਦੇ ਲੇਖਕ, ਪ੍ਰੋਡਿਊਸਰ ਅਤੇ ਮੇਨ ਰੋਲ ਨਿਭਾਉਣ ਵਾਲੇ ਅਜੇ ਟੱਲੇਵਾਲ ਨੇ ਦੱਸਿਆ ਕਿ ਇਹ ਟੈਲੀ ਫਿਲਮ 10 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ “ਫ਼ਰਜ਼” ਸਿਰਫ ਇੱਕ ਮਨੋਰੰਜਕ ਫਿਲਮ ਨਹੀਂ, ਸਗੋਂ ਸਮਾਜ ਨੂੰ ਇੱਕ ਡੂੰਘਾ ਸੰਦੇਸ਼ ਦੇਣ ਵਾਲੀ ਪਰਿਵਾਰਕ ਪੇਸ਼ਕਸ਼ ਹੈ। ਫਿਲਮ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਅੱਜ ਦਾ ਨੌਜਵਾਨ ਆਪਣੀਆਂ ਜ਼ਿੰਮੇਵਾਰੀਆਂ ਅਤੇ ਮਾਪਿਆਂ ਪ੍ਰਤੀ ਆਪਣੇ ਫ਼ਰਜ਼ਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਕਿਵੇਂ ਸਹੀ ਸੇਧ ਮਿਲਣ ਨਾਲ ਉਹ ਮੁੜ ਆਪਣੇ ਸੰਸਕਾਰਾਂ ਵੱਲ ਵਾਪਸੀ ਕਰ ਸਕਦਾ ਹੈ।

ਅਜੇ ਟੱਲੇਵਾਲ ਨੇ ਕਿਹਾ ਕਿ ਇਹ ਫਿਲਮ ਮੰਜ਼ਿਲ ਤੋਂ ਭਟਕ ਚੁੱਕੇ ਨੌਜਵਾਨਾਂ ਨੂੰ ਸਹੀ ਰਸਤਾ ਵਿਖਾਉਣ ਦਾ ਕੰਮ ਕਰੇਗੀ। ਉਹਨਾਂ ਦੱਸਿਆ ਕਿ ਫਿਲਮ ਦੀ ਕਹਾਣੀ ਪੂਰੀ ਤਰ੍ਹਾਂ ਪਰਿਵਾਰਕ ਹੈ ਅਤੇ ਹਰ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ।
ਫਿਲਮ ਵਿੱਚ ਅਮਰਜੀਤ ਸਿੰਘ ਫੌਜੀ ਵੱਲੋਂ ਕੈਪਟਨ ਦਾ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ ਗਿਆ ਹੈ। ਅਜੇ ਟੱਲੇਵਾਲ ਅਤੇ ਗਗਨ ਧਾਲੀਵਾਲ ਨੇ ਮੇਨ ਲੀਡ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਹੈ। ਐਡਵੋਕੇਟ ਕੀਰਤ ਸਿੰਗਲਾ ਵੱਲੋਂ ਆੜਤੀਏ ਦਾ ਰੋਲ ਬਖੂਬੀ ਨਿਭਾਇਆ ਗਿਆ, ਜਦਕਿ ਗੁਰਨਾਮ ਸਿੰਘ ਭੋਤਨਾ ਨੇ “ਬਾਪੂ” ਦੇ ਰੂਪ ਵਿੱਚ ਦਰਸ਼ਕਾਂ ਨੂੰ ਭਾਵੁਕ ਕਰਨ ਵਾਲੀ ਅਦਾਕਾਰੀ ਕੀਤੀ ਹੈ।
ਇਸੇ ਤਰ੍ਹਾਂ ਰਾਮ ਸਿੰਘ ਦਿਉਲ ਨੇ ਆਪਣੇ ਕਿਰਦਾਰ ਰਾਹੀਂ ਦਰਦ ਅਤੇ ਸੰਵੇਦਨਾਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਆਸੂ ਸੰਧੂ ਨੇ ਸਹੇਲੀ ਦੀ ਭੂਮਿਕਾ ਵਿੱਚ ਖਾਸ ਛਾਪ ਛੱਡੀ। ਮਨਦੀਪ ਸਿੰਘ ਰਾਠੌਰ ਅਤੇ ਅਵਤਾਰ ਸਿੰਘ ਤਰਨਤਾਰਨ ਨੇ ਦੋਸਤਾਂ ਦੇ ਕਿਰਦਾਰ ਨਿਭਾ ਕੇ ਦੋਸਤੀ ਦੀ ਅਸਲ ਮਹੱਤਤਾ ਨੂੰ ਦਰਸਾਇਆ।
ਫਿਲਮ ਦਾ ਪੋਸਟਰ ਰਿਲੀਜ਼ ਕਰਨ ਮੌਕੇ ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਪ੍ਰੇਮ ਕੁਮਾਰ ਪਾਸੀ, ਜਸਵੰਤ ਸਿੰਘ ਲਾਲੀ, ਡਾਕਟਰ ਮਿੱਠੂ ਮੁਹੰਮਦ, ਡਾਕਟਰ ਸੁਖਵਿੰਦਰ ਸਿੰਘ ਬਾਪਲਾ, ਗੁਰਸੇਵਕ ਸਿੰਘ ਸੋਹੀ ਅਤੇ ਮਨਜੀਤ ਸਿੰਘ ਮਿੱਠੇਵਾਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਹਾਜ਼ਰ ਸ਼ਖਸੀਅਤਾਂ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਸਮਾਜ ਨੂੰ ਸਕਾਰਾਤਮਕ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਨੌਜਵਾਨ ਪੀੜੀ ਨੂੰ ਆਪਣੇ ਮੂਲ ਸੰਸਕਾਰਾਂ ਨਾਲ ਜੋੜਨ ਲਈ ਇਹੋ ਜਿਹੇ ਉਪਰਾਲਿਆਂ ਦੀ ਬਹੁਤ ਲੋੜ ਹੈ।


