

U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਵਿੱਚ ਬਰਨਾਲਾ ਦੀ ਸ਼ਾਨਦਾਰ ਜਿੱਤ
ਬਰਨਾਲਾ(ਹਿਮਾਂਸ਼ੂ ਗੋਇਲ):-U-16 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2026-27 ਵਿੱਚ ਬਰਨਾਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਮਾਨਸਾ ਨੂੰ ਇਕ ਪਾਰੀ ਅਤੇ 9 ਰਨਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ।
ਮੁਕਾਬਲੇ ਦੇ ਪਹਿਲੇ ਦਿਨ ਮਾਨਸਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 144 ਰਨ ਬਣਾਏ ਅਤੇ ਪੂਰੀ ਟੀਮ ਆਊਟ ਹੋ ਗਈ। ਬਰਨਾਲਾ ਵੱਲੋਂ ਹਰਮਨਜੀਤ ਸਿੰਘ ਅਤੇ ਅਕਸ਼ਿਤ ਕੌਸ਼ਲ ਨੇ ਕਾਬਿਲ-ਏ-ਤਾਰੀਫ਼ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਹਾਸਲ ਕੀਤੀਆਂ।
ਇਸਦੇ ਜਵਾਬ ਵਿੱਚ ਬਰਨਾਲਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 261 ਰਨ ਬਣਾਕੇ ਪਾਰੀ ਘੋਸ਼ਿਤ ਕਰ ਦਿੱਤੀ। ਬਰਨਾਲਾ ਵੱਲੋਂ ਉਭਰਦੇ ਖਿਡਾਰੀ ਨਵਜੋਤ ਸਿੰਘ ਨੇ ਸ਼ਾਨਦਾਰ 100 ਰਨਾਂ ਦੀ ਸਦੀ ਪਾਰੀ ਖੇਡੀ, ਜਦਕਿ ਗੁਰਜੋਤ ਸਿੰਘ ਸਿੱਧੂ ਨੇ ਮਹੱਤਵਪੂਰਨ 66 ਰਨ ਜੋੜ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।

ਦੂਜੀ ਪਾਰੀ ਵਿੱਚ ਮਾਨਸਾ ਦੀ ਟੀਮ ਬਰਨਾਲਾ ਦੇ ਤੇਜ਼ ਗੇਂਦਬਾਜ਼ ਸ਼ੌਰਿਆ ਪ੍ਰਤਾਪ ਰਾਣਾ ਦੀ ਤੇਜ਼ ਅਤੇ ਧਾਰਦਾਰ ਗੇਂਦਬਾਜ਼ੀ ਅਤੇ ਵੰਸ਼ ਸ਼ਰਮਾ ਦੀ ਘਾਤਕ ਗੂਗਲੀ ਦੇ ਸਾਹਮਣੇ ਟਿਕ ਨਾ ਸਕੀ ਅਤੇ ਸਿਰਫ਼ 108 ਰਨਾਂ ‘ਤੇ ਢਹਿ ਗਈ। ਸ਼ੌਰਿਆ ਪ੍ਰਤਾਪ ਰਾਣਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ, ਜਦਕਿ ਵੰਸ਼ ਸ਼ਰਮਾ ਨੇ 4 ਵਿਕਟਾਂ ਆਪਣੇ ਨਾਮ ਕੀਤੀਆਂ। ਇਸ ਸ਼ਾਨਦਾਰ ਜਿੱਤ ‘ਤੇ DCAB ਬਰਨਾਲਾ ਦੇ ਪ੍ਰਧਾਨ ਸ਼੍ਰੀ ਵਿਵੇਕ ਸਿੰਧਵਾਨੀ, ਸਕੱਤਰ ਸ਼੍ਰੀ ਰੁਪਿੰਦਰ ਗੁਪਤਾ, ਖਜਾਂਚੀ ਸ਼੍ਰੀ ਸੰਜੇ ਗਰਗ ਅਤੇ ਮੈਂਬਰ ਸ਼੍ਰੀ ਅੱਚਰ ਸਿੰਘ ਚੌਹਾਨ ਨੇ ਪੂਰੀ ਟੀਮ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਅਗਲੇ ਮੈਚਾਂ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।


