

ਆਰੀਆਭੱਟ ਕਾਲਜ ਬਰਨਾਲਾ ਦੇ ਐਨ.ਐੱਸ.ਐੱਸ. ਵਿਭਾਗ ਵੱਲੋਂ ਮਾਨਸਿਕ ਸਿਹਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਬਰਨਾਲਾ, 7 ਅਪ੍ਰੈਲ 2026 (ਹਿਮਾਂਸ਼ੂ ਗੋਇਲ):
ਆਰੀਆਭੱਟ ਕਾਲਜ ਬਰਨਾਲਾ ਦੇ ਐਨ.ਐੱਸ.ਐੱਸ. ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਅਤੇ ਸਕਾਰਾਤਮਕ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਆਯੋਜਿਤ ਜਾਗਰੂਕਤਾ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ, ਭਾਵਨਾਤਮਕ ਸੰਤੁਲਨ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਕਾਰਾਤਮਕ ਢੰਗ ਨਾਲ ਸਾਹਮਣਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਪ੍ਰੋਗਰਾਮ ਨੂੰ ਸਰਾਹਿਆ।
ਇਸ ਪ੍ਰੋਗਰਾਮ ਦੀ ਸੰਯੋਜਕ ਅਤੇ ਮੁੱਖ ਵਕਤਾ ਅਸਿਸਟੈਂਟ ਪ੍ਰੋਫੈਸਰ ਡਿੰਪੀ ਕੌਰ ਰਹੇ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਮਾਨਸਿਕ ਸਿਹਤ ਦੀ ਅਹਿਮੀਅਤ, ਸਕਾਰਾਤਮਕ ਸੋਚ ਅਤੇ ਸੰਤੁਲਿਤ ਜੀਵਨ ਜੀਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਜਾਂ ਸਮੱਸਿਆਵਾਂ ਨੂੰ ਲੁਕਾਉਣ ਦੀ ਬਜਾਏ ਖੁੱਲ੍ਹ ਕੇ ਗੱਲ ਕਰਨ ਅਤੇ ਜ਼ਰੂਰਤ ਪੈਣ ’ਤੇ ਮਦਦ ਲੈਣ ਲਈ ਪ੍ਰੇਰਿਤ ਕੀਤਾ।
ਇਹ ਪ੍ਰੋਗਰਾਮ ਅਸਿਸਟੈਂਟ ਪ੍ਰੋਫੈਸਰ ਡਿੰਪੀ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਕਮਲਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਸੰਸਥਾ ਦੇ ਪ੍ਰਬੰਧਕਾਂ ਵੱਲੋਂ ਐਨ.ਐੱਸ.ਐੱਸ. ਵਿਭਾਗ ਦੀ ਇਸ ਸਰਾਹਣਯੋਗ ਪਹਿਲ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਇਰ. ਰਾਕੇਸ਼ ਗੁਪਤਾ (ਚੇਅਰਮੈਨ), ਡਾ. ਅਜੈ ਮਿੱਤਲ (ਡਾਇਰੈਕਟਰ), ਡਾ. ਭਾਵੇਤ ਗਰਗ (ਡੀਨ ਅਕੈਡਮਿਕ), ਡਾ. ਜਸ਼ਨ ਜੋਤ (ਆਈਕਿਊਏਸੀ ਕੋਆਰਡੀਨੇਟਰ), ਮਿਸਿਜ਼ ਭਾਵੁਕਤਾ ਸ਼ਰਮਾ ਅਤੇ ਮਿਸਟਰ ਰਜਨੀਸ਼ ਨਰੂਲਾ ਨੇ ਪ੍ਰੋਗਰਾਮ ਦੇ ਆਯੋਜਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਭਰੇ ਪ੍ਰੋਗਰਾਮ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਇਹ ਸੰਦੇਸ਼ ਦਿੱਤਾ ਗਿਆ ਕਿ ਹਰ ਵਿਦਿਆਰਥੀ ਆਪਣੀ ਮਾਨਸਿਕ ਸਿਹਤ ਦਾ ਖਾਸ ਧਿਆਨ ਰੱਖੇ, ਇਕ ਦੂਜੇ ਦਾ ਸਹਿਯੋਗ ਕਰੇ ਅਤੇ ਸਮਾਜ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਆਪਣਾ ਯੋਗਦਾਨ ਪਾਏ।


