

ਮੀਰੀ ਪੀਰੀ ਖਾਲ਼ਸਾ ਕਾਲਜ ਭਦੌੜ ਦੇ ਵਿਦਿਆਰਥੀਆਂ ਦੀ ਮੈਗਾ ਪਲੇਸਮੈਂਟ ਡਰਾਈਵ ਵਿੱਚ ਹੋਈ ਨੌਕਰੀ ਲਈ ਚੋਣ
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਕਰਵਾਈ ਗਈ ਮੈਗਾ ਪਲੇਸਮੈਂਟ ਡਰਾਈਵ 2026
ਬਰਨਾਲਾ(ਹਿਮਾਂਸ਼ੂ ਗੋਇਲ)
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਕਾਲਜਾਂ ਦੇ ਵਿਦਿਆਰਥੀਆਂ ਲਈ ‘ਮੈਗਾ ਪਲੇਸਮੈਂਟ ਡਰਾਈਵ’ ਦਾ ਆਯੋਜਨ ਕੀਤਾ ਗਿਆ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਸਦਕਾ ਅਤੇ ਸਕੱਤਰ ਵਿੱਦਿਆ ਇੰਜੀ: ਸੁਖਮਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਦੇ ਸਦਕਾ ਕਰਵਾਏ ਇਸ ਆਯੋਜਨ ਵਿੱਚ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦੇ ਬੀ. ਸੀ. ਏ., ਬੀ. ਏ. ਅਤੇ ਬੀ. ਕਾਮ. ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਕਾਲਜ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਪਲੇਸਮੈਂਟ ਡਰਾਈਵ ਦੌਰਾਨ ਤਕਰੀਬਨ ਵੱਖ – ਵੱਖ ਕੰਪਨੀਆਂ ਨੇ ਇਨ੍ਹਾਂ ਵਿਦਿਆਰਥੀਆਂ ਦੀ ਇੰਟਰਵਿਊ ਲਈ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਕੰਪਨੀਜ਼ ਦੇ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ। ਇਸ ਦੌਰਾਨ ਕਾਲਜ ਦੇ ਬੀ. ਸੀ. ਏ. ਦੇ ਵਿਦਿਆਰਥੀਆਂ ਅਰਸ਼ਦੀਪ ਸਿੰਘ, ਬਿਕਰਮਜੀਤ ਸਿੰਘ ਅਤੇ ਅਮਨਦੀਪ ਸਿੰਘ ਦੀ ਕੋਛੜ ਕੰਪਨੀ ਵਿੱਚ ਨੌਕਰੀ ਲਈ ਚੋਣ ਹੋਈ। ਇਸੇ ਤਰਾਂ ਬਜਾਜ ਲਾਈਫ ਅਤੇ ਐੱਚ. ਡੀ. ਬੀ. ਕੰਪਨੀ ਵਿੱਚ ਬੀ. ਕਾਮ ਦੀ ਵਿਦਿਆਰਥਣ ਅਨਮੋਲ ਕੌਰ ਅਤੇ ਬੀ. ਸੀ. ਏ. ਦੀਆਂ ਵਿਦਿਆਰਥਣਾਂ ਮਨਵਿੰਦਰ ਕੌਰ, ਗੁਰਪ੍ਰੀਤ ਕੌਰ ਦੀ ਨੌਕਰੀ ਲਈ ਚੋਣ ਹੋਈ। ਇਸਦੇ ਨਾਲ ਹੀ ਐਕਸਿਸ ਬੈਂਕ ਵਿੱਚ ਅਰਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਦੀ ਨੌਕਰੀ ਲਈ ਚੋਣ ਹੋਈ। ਇਸ ਪਲੇਸਮੈਂਟ ਡਰਾਈਵ ਲਈ ਵਿਦਿਆਰਥੀਆਂ ਵਿੱਚ ਅਥਾਹ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਇਸ ਪਲੇਸਮੈਂਟ ਡਰਾਈਵ ਚ ਹਿੱਸਾ ਲੈ ਕੇ ਨਵੀਂ ਊਰਜਾ ਮਹਿਸੂਸ ਕੀਤੀ। ਕਾਲਜ ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਪਲੇਸਮੈਂਟ ਡਰਾਈਵ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੇ ਲਈ ਪ੍ਰੇਰਿਆ ਤਾਂ ਜੋ ਕਿ ਵਿਦਿਆਰਥੀ ਆਪਣੇ ਸੁਨਹਿਰੇ ਭਵਿੱਖ ਦਾ ਨਿਰਮਾਣ ਕਰ ਸਕਣ। ਕਾਲਜ ਦੇ ਪਲੇਸਮੈਂਟ ਅਫ਼ਸਰ ਡਾ. ਮਨਦੀਪ ਕੌਰ ਨੇ ਇਸ ਸ਼ਲਾਘਾਯੋਗ ਕਾਰਜ ਦੇ ਲਈ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਜਸਪ੍ਰੀਤ ਸਿੰਘ ਮੌਜੂਦ ਸਨ।


