

ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ 2025 ਹੋਵੇਗਾ 29 ਅਕਤੂਬਰ ਤੋਂ ਸ਼ੁਰੂ, ਤਿਆਰੀਆਂ ਮੁਕੰਮਲ
ਸੀ.ਐੱਮ.ਸੀ਼ ਲੁਧਿਆਣਾ ਦੀਆਂ ਟੀਮਾਂ ਕਰਨਗੀਆਂ ਮਰੀਜ਼ਾਂ ਦੀ ਜਾਂਚ
5 ਦਸੰਬਰ ਤੱਕ ਹਫ਼ਤੇ ’ਚ ਤਿੰਨ ਦਿਨ ਲੱਗੇਗਾ ਕੈਂਪ, ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ
ਬਰਨਾਲਾ, 27 ਅਕਤੂਬਰ (ਹਿਮਾਂਸ਼ੂ ਗੋਇਲ) : ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ ਅਤੇ ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਜੀ ਦੀ ਦੂਰਅੰਦੇਸ਼ੀ ਸੋਚ ਅਤੇ ਸਿਹਤਮੰਦ ਸਮਾਜ ਵੱਲ ਵੱਡੀ ਕੋਸ਼ਿਸ਼ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ 2025 ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ 29 ਅਕਤੂਬਰ ਤੋਂ ਸ਼ੁਰੂ ਹੋ ਕੇ 5 ਦਸੰਬਰ 2025 ਤੱਕ ਚੱਲੇਗਾ। ਜਿਸ ਦੌਰਾਨ ਹਫ਼ਤੇ ਦੇ ਤਿੰਨ ਦਿਨ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਵੇਗਾ ਤੇ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਕਲਚਰਲ ਸੈਂਟਰ ਟਰਾਈਡੈਂਟ ਕੰਪਲੈਕਸ ਦੇ ਸਾਹਮਣੇ ਰਾਏਕੋਟ ਰੋਡ ਵਿਖੇ ਲੱਗਣ ਜਾ ਰਹੇ ਇਸ ਕੈਂਪ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਕੈਂਪ 29, 30 ਤੇ 31 ਅਕਤੂਬਰ, 6,7 ਤੇ 8 ਨਵੰਬਰ, 12,13 ਤੇ 14 ਨਵੰਬਰ, 19,20 ਤੇ 21 ਨਵੰਬਰ, 26,27 ਤੇ 28 ਨਵੰਬਰ ਅਤੇ 3,4 ਤੇ 5 ਦਸੰਬਰ ਨੂੰ ਲੱਗੇਗਾ। ਜਿਸ ਵਿੱਚ ਸੀ.ਐੱਮ.ਸੀ. ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਪੂਰੀ ਸਿਹਤ ਜਾਂਚ ਕਰੇਗੀ ਤੇ ਉੱਚ ਪੱਧਰੀ ਇਲਾਜ਼ ਮੁੱਹਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਆਮ ਸਿਹਤ ਜਾਂਚ, ਮਾਹਿਰ ਡਾਕਟਰੀ ਸਲਾਹ, ਡੈਂਟਲ ਸਕੇਲਿੰਗ, ਫਿਲਿੰਗ ਅਤੇ ਐਕਸਟ੍ਰੈਕਸ਼ਨ, ਡਾਇਗਨੋਸਟਿਕ ਟੈਸਟ, ਮੁਫ਼ਤ ਦਵਾਈਆਂ, ਐਕਸ-ਰੇ, ਈ.ਸੀ.ਜੀ, ਮੋਤੀਆ ਬਿੰਦ, ਅੱਖਾਂ ਦੀ ਜਾਂਚ ਅਤੇ ਮੁਫ਼ਤ ਚਸ਼ਮਿਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ।
– ਸੀ.ਐੱਮ.ਸੀ ਲੁਧਿਆਣਾ ਦੇ 65 ਮੈਂਬਰਾਂ ਦੀ ਟੀਮ ਕਰੇਗੀ ਜਾਂਚ
ਫਰੀ ਮੈਗਾ ਮੈਡੀਕਲ ਕੈਂਪ ਵਿੱਚ ਸੀ.ਐੱਮ.ਸੀ ਲੁਧਿਆਣਾ ਦੇ 65 ਮੈਂਬਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ, ਜਿੰਨ੍ਹਾਂ ’ਚ 22 ਡਾਕਟਰ ਜਿੱਥੇ ਅੱਖਾਂ ਦੀ ਜਾਂਚ, ਫ਼ਰੀ ਮੋਤਿਆਬਿੰਦ ਆਪ੍ਰੇਸ਼ਨ, ਫ਼ਰੀ ਚਸ਼ਮੇ ਅਤੇ ਦਵਾਈਆਂ, ਦੰਦਾਂ ਦਾ ਹਰ ਤਰ੍ਹਾਂ ਦਾ ਚੈੱਕਅੱਪ, ਡੈਂਟਲ ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ, ਡਾਇਨਗੋਸਟਿਕ ਟੈਸਟ ਆਦਿ ਕਰਨਗੇ, ਉੱਥੇ ਹੀ 16 ਮੈਡੀਸਨ ਸਪੈਸ਼ਲਿਸਟ ਚਮੜੀ, ਨੱਕ ਅਤੇ ਕੰਨਾਂ ਦੀ ਜਾਂਚ, ਔਰਤਾਂ ਦੇ ਰੋਗਾਂ ਦਾ ਇਲਾਜ਼ ਕਰਨਗੇ। ਇਸ ਮੌਕੇ ਈ.ਸੀ.ਜੀ. ਅਤੇ ਐਕਸ-ਰੇ ਵੀ ਫ਼ਰੀ ਕੀਤੇ ਜਾਣਗੇ।
– ਸੀ.ਐੱਮ.ਸੀ ਹਸਪਤਾਲ ਦੀ ਟੀਮ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਸੋਮਵਾਰ ਨੂੰ ਸੀ.ਐੱਮ.ਸੀ. ਹਸਪਤਾਲ ਦੀ ਟੀਮ ਕਲਚਰਲ ਸੈਂਟਰ ਵਿਖੇ ਪੁੱਜੀ ਤੇ ਵੱਡੇ ਪੱਧਰ ’ਤੇ ਚੱਲ ਰਹੀਆਂ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਟੀਮ ’ਚ ਸੀ.ਐੱਮ.ਸੀ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼, ਨਰਸਿੰਗ ਸੁਪਰੀਟੈਨਡੈਂਟ ਡਾ. ਸੰਗੀਤਾ ਨੀਕੋਲਸ, ਐਡਮਿਨਿਸਟਰੇਟਰ ਮਿਸ ਮੇਘਲਾ ਰਾਮਾਸਵਾਮੀ ਸਣੇ ਆਰ.ਐੱਚ.ਓ.ਐੱਫ ਦੇ ਟੀਮ ਮੈਂਬਰ ਸ਼ਾਮਲ ਸਨ। ਜਿੰਨ੍ਹਾਂ ਟਰਾਈਡੈਂਟ ਗਰੁੱਪ ਵੱਲੋਂ ਕੀਤੀਆਂ ਸਾਰੀਆਂ ਤਿਆਰੀਆਂ ਤੇ ਪ੍ਰਬੰਧਾਂ ’ਤੇ ਸਤੁੰਸ਼ਟੀ ਪ੍ਰਗਟਾਈ।
– ਪਹਿਲਾਂ ਵੀ 2 ਵਾਰ ਲੱਗ ਚੁੱਕਾ ਹੈ ਕੈਂਪ, ਹਜ਼ਾਰਾਂ ਮਰੀਜ਼ ਲੈ ਚੁੱਕੇ ਨੇ ਲਾਭ
ਜ਼ਿਕਰਯੋਗ ਹੈ ਕਿ ਟਰਾਈਡੈਂਪ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ ਪਹਿਲਾਂ ਵੀ 2 ਵਾਰ ਲਗਾਇਆ ਜਾ ਚੁੱਕਾ ਹੈ ਤੇ ਹਜ਼ਾਰਾਂ ਮਰੀਜ਼ ਇੰਨ੍ਹਾਂ ਕੈਂਪਾਂ ਦਾ ਲਾਭ ਲੈ ਚੁੱਕੇ ਹਨ। ਜਿਸ ਤਹਿਤ ਇਸ ਵਾਰ ਵੀ ਸੀ.ਐੱਮ.ਸੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ, ਜਿਸਦਾ ਬਰਨਾਲਾ ਜ਼ਿਲ੍ਹੇ ਸਣੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਮਰੀਜ਼ ਵੀ ਲਾਹਾ ਲੈਣਗੇ।
– ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ
ਟਰਾਈਡੈਂਟ ਗਰੁੱਪ ਵੱਲੋਂ ਲਗਾਏ ਜਾ ਰਹੇ ਇਸ ਫਰੀ ਮੈਗਾ ਮੈਡੀਕਲ ਕੈਂਪ ਪ੍ਰਤੀ ਜਿੱਥੇ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਟਰਾਈਡੈਂਟ ਗਰੁੱਪ ਅਤੇ ਸੀ.ਐੱਸ.ਸੀ. ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਵੀ ਬਰਨਾਲਾ ਜ਼ਿਲ੍ਹੇ ਸਣੇ ਆਲੇ-ਦੁਆਲੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਫ਼ਰੀ ਮੈਗਾ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਆਪਣੀ ਸਿਹਤ ਜਾਂਚ ਕਰਵਾ ਮੁਫ਼ਤ ’ਚ ਇਲਾਜ਼ ਸਹੂਲਤ ਦਾ ਫ਼ਾਇਦਾ ਚੁੱਕੋ।


