



ਸਮਰਪਣ ਫਾਊਂਡੇਸ਼ਨ ਟਰਸਟ ਦੀ ਪਹਿਲ — ਕੋੜ੍ਹ ਰੋਗੀਆਂ ਲਈ ਮੁਫ਼ਤ ਜਾਂਚ ਅਤੇ ਦਵਾਈ ਵੰਡ ਕੈਂਪ ਦਾ ਆਯੋਜਨ
“ਕੋਈ ਵੀ ਕੋੜ੍ਹ ਰੋਗੀ ਇਲਾਜ ਤੋਂ ਵਾਂਝਾ ਨਾ ਰਹੇ” — ਰਾਕੇਸ਼ ਕੁਮਾਰ ਮਿੱਤਲ
ਧਨੌਲਾ, 10 ਅਕਤੂਬਰ (ਹਿਮਾਂਸ਼ੂ ਗੋਇਲ):
ਗਰੀਬ ਅਤੇ ਲੋੜਵੰਦ ਵਰਗ ਦੀ ਸੇਵਾ ਵਿੱਚ ਅੱਗੇ ਰਹਿਣ ਵਾਲੇ ਸਮਾਜ ਸੇਵੀ ਅਤੇ ਸੇਵਾ ਪ੍ਰਮੁੱਖ *ਰਾਕੇਸ਼ ਕੁਮਾਰ ਮਿੱਤਲ ਦੀ ਅਗਵਾਈ ਹੇਠ ਸਮਰਪਣ ਫਾਊਂਡੇਸ਼ਨ ਟਰਸਟ ਵੱਲੋਂ ਰਾਸ਼ਟਰੀ ਸੇਵਾ ਭਾਰਤੀ ਦੀ ਦੇਖ–ਰੇਖ ਹੇਠ ਬਰਨਾਲਾ ਵਿਖੇ ਸਥਿਤ “ਨੇਤਾਜੀ ਸੁਭਾਸ਼ ਆਜ਼ਾਦ ਹਿੰਦ ਕੋੜ੍ਹ ਆਸ਼ਰਮ” ਵਿੱਚ ਕੋੜ੍ਹ ਰੋਗੀਆਂ ਲਈ ਮੁਫ਼ਤ ਜਾਂਚ ਅਤੇ ਦਵਾਈ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ।
ਰਾਕੇਸ਼ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਕੋੜ੍ਹ ਰੋਗੀ ਬਿਨਾਂ ਇਲਾਜ ਤੋਂ ਨਾ ਰਹੇ। ਉਹਨਾਂ ਕਿਹਾ ਕਿ *ਸਮਰਪਣ ਫਾਊਂਡੇਸ਼ਨ ਟਰਸਟ* ਭਾਰਤ ਦੇ 11 ਰਾਜਾਂ ਵਿੱਚ ਲਗਾਤਾਰ ਮੁਫ਼ਤ ਚਿਕਿਤਸਾ ਕੈਂਪ ਲਗਾ ਰਿਹਾ ਹੈ, ਜਿੱਥੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਜਾਂਚ, ਸਲਾਹ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਉਹਨਾਂ ਇਹ ਵੀ ਦੱਸਿਆ ਕਿ ਸੰਸਥਾ ਦੀ ਮੈਡੀਕਲ ਟੀਮ ਹਰ ਦੋ ਮਹੀਨਿਆਂ ਬਾਅਦ ਆਸ਼ਰਮ ਵਿੱਚ ਪਹੁੰਚ ਕੇ ਮਾਹਰ ਡਾਕਟਰਾਂ ਦੀ ਦੇਖ–ਰੇਖ ਹੇਠ ਸਿਹਤ ਜਾਂਚ ਕਰਦੀ ਹੈ। ਮਿੱਤਲ ਨੇ ਕਿਹਾ ਕਿ ਅੱਜਕੱਲ੍ਹ ਕਈ ਸੰਸਥਾਵਾਂ ਵੱਖ–ਵੱਖ ਬਿਮਾਰੀਆਂ ਲਈ ਕੈਂਪ ਲਗਾ ਰਹੀਆਂ ਹਨ, ਪਰ ਕੋੜ੍ਹ ਰੋਗੀਆਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਬਹੁਤ ਥੋੜੀਆਂ ਹਨ।
ਉਹਨਾਂ ਸਮਾਜ ਦੇ ਸਮਰੱਥ ਵਰਗ ਨੂੰ ਅਪੀਲ ਕੀਤੀ ਕਿ ਉਹ ਵੀ ਅੱਗੇ ਆ ਕੇ ਇਸ ਮਨੁੱਖਤਾ ਸੇਵਾ ਅਭਿਆਨ ਵਿੱਚ ਯੋਗਦਾਨ ਪਾਏਂ, ਤਾਂ ਜੋ ਕੋਈ ਵੀ ਮਰੀਜ਼ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਮੌਕੇ ਕੋ -ਆਰਡੀਨੇਟਰ ਸੰਤੋਸ਼ ਰਾਣੀ, ਡਾ. ਦੇਵ ਉਤਕਰਸ਼, ਨਰਸ ਲੱਲਨ, ਨਰਸ ਰੋਹਿਤ, ਡ੍ਰੈਸਰ ਅੰਕਿਤ ਅਤੇ ਡਰਾਈਵਰ ਕ੍ਰਿਸ਼ਨਾ ਕੁਮਾਰ ਦੀ ਟੀਮ ਨੇ ਲਗਭਗ 90 ਮਰੀਜ਼ਾਂ ਦੀ ਜਾਂਚ ਕਰਕੇ ਦੋ ਮਹੀਨਿਆਂ ਦੀਆਂ ਦਵਾਈਆਂ ਮੁਫ਼ਤ ਵੰਡੀਆਂ।
ਸੇਵਾ ਪ੍ਰਮੁੱਖ ਰਾਕੇਸ਼ ਕੁਮਾਰ ਮਿੱਤਲ, ਜ਼ਿਲ੍ਹਾ ਸਕੱਤਰ ਮੁਨੀਸ਼ ਕੁਮਾਰ, ਐਡਵੋਕੇਟ ਸੋਨੂ ਕੁਮਾਰ, ਅਵਤਾਰ ਸਿੰਘ, ਬ੍ਰਿਜ ਲਾਲ, ਰਮਨ ਸਿੰਗਲਾ ਅਤੇ ਕਰਮਜੀਤ ਸਮੇਤ ਹੋਰ ਸਮਾਜ ਸੇਵਕਾਂ ਨੇ ਵੀ ਸੇਵਾ ਵਿੱਚ ਭਾਗ ਲੈ ਕੇ ਪੁੰਨ ਪ੍ਰਾਪਤ ਕੀਤਾ।


