
ਬੀਡੀਪੀਓਜ਼, ਈਓਜ਼ ਨੂੰ ਲੋੜ ਅਨੁਸਾਰ ਰਾਹਤ ਕੈਂਪ ਸਥਾਪਿਤ ਕਰਨ ਦੇ ਨਿਰਦੇਸ਼
ਬਰਨਾਲਾ, 28 ਅਗਸਤ(ਹਿਮਾਂਸ਼ੂ ਗੋਇਲ):- ਬਰਨਾਲਾ ਦੇ ਬਾਜ਼ੀਗਰ ਬਸਤੀ ਇਲਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਚਾਰ ਦੇ ਜ਼ਖਮੀ ਹੋਣ ਦੀ ਘਟਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਲੋਕਾਂ ਨੂੰ ਕੁਝ ਦਿਨਾਂ ਲਈ ਅਸੁਰੱਖਿਅਤ ਇਮਾਰਤਾਂ ਤੋਂ ਬਾਹਰ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੋਰ ਬਾਰਿਸ਼ ਹੋਣ ‘ਤੇ ਕੱਚੀਆਂ ਇਮਾਰਤਾਂ ਢਹਿ ਸਕਦੀਆਂ ਹਨ।
ਓਨ੍ਹਾਂ ਲੋਕਾਂ ਨੂੰ ਪੇਂਡੂ ਖੇਤਰਾਂ ਵਿੱਚ ਸਬੰਧਤ ਪੰਚਾਇਤ ਸਕੱਤਰਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਈਓ ਜਾਂ ਐਮਸੀ ਨੂੰ ਅਸੁਰੱਖਿਅਤ ਇਮਾਰਤਾਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਕੰਟਰੋਲ ਰੂਮ ਬਰਨਾਲਾ ਨੂੰ 01679-233031, ਤਪਾ 01679-273201 ਅਤੇ ਮਹਿਲ ਕਲਾਂ ਨੂੰ 82641-93466 ‘ਤੇ ਵੀ ਰਾਬਤਾ ਕਰ ਸਕਦੇ ਹਨ।
ਓਨ੍ਹਾਂ ਬੀਡੀਪੀਓਜ਼ ਅਤੇ ਈਓਜ਼ ਨੂੰ ਜਿੱਥੇ ਵੀ ਲੋੜ ਹੋਵੇ, ਰਾਹਤ ਕੈਂਪ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋੜ ਪੈਣ ‘ਤੇ ਲੋਕ ਇਨ੍ਹਾਂ ਕੈਂਪਾਂ ਵਿੱਚ ਰਹਿ ਸਕਣ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਬਰਨਾਲਾ ਸ਼ਹਿਰ ਦੀ ਬਾਜ਼ੀਗਰ ਬਸਤੀ ਵਿੱਚ ਛੱਤ ਡਿੱਗਣ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ।ਐਸਡੀਐਮ ਬਰਨਾਲਾ ਮੈਡਮ ਸੋਨਮ ਅਤੇ ਬਰਨਾਲਾ ਪੁਲਿਸ ਮੌਕੇ ‘ਤੇ ਪਹੁੰਚੀ। ਇਹ ਘਟਨਾ ਅੱਜ ਸਵੇਰੇ ਲਗਭਗ 7 ਵਜੇ ਵਾਪਰੀ ਜਿੱਥੇ ਇੱਕ ਕੱਚੇ ਘਰ ਦੀ ਛੱਤ ਡਿੱਗ ਗਈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ ਜ਼ਖਮੀਆਂ ਵਿੱਚ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਅਤੇ ਤਿੰਨ ਸਾਲਾ ਕੋਮਲ ਕੌਰ ਪੁੱਤਰੀ ਲਖਵਿੰਦਰ ਸਿੰਘ ਸ਼ਾਮਲ ਹਨ। ਜ਼ਖਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। 10 ਸਾਲਾ ਮਨਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਸਿਵਲ ਹਸਪਤਾਲ ਬਰਨਾਲਾ ਵਿੱਚ ਇਲਾਜ ਅਧੀਨ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕਾਂ ਨਾਲ ਰਾਬਤਾ ਬਣਾਇਆ ਗਿਆ ਹੈ, ਤਾਂ ਜੋ ਲੋੜ ਪੈਣ ‘ਤੇ ਇਲਾਕੇ ਦੇ ਲੋੜਵੰਦ ਲੋਕਾਂ ਦਾ ਆਰਜ਼ੀ ਰਹਿਣ ਬਸੇਰਾ ਓਥੇ ਕੀਤਾ ਜਾ ਸਕੇ।